ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 26 ਅਕਤੂਬਰ
ਬਾਕਸਿੰਗ ਵਿੱਚ ਦੁਨੀਆਂ ਭਰ ’ਚ ਨਾਮ ਕਮਾਉਣ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦੇਸ਼ ਦੀ ਝੋਲੀ ਪਾਉਣ ਵਾਲੇ ਪਿੰਡ ਚਕਰ ਦੀ ਪੰਚਾਇਤ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਚਕਰ ਸਪੋਰਟਸ ਅਕੈਡਮੀ ਵੱਲੋਂ ਪਹਿਲੀ ਬਾਕਸਿੰਗ ਲੀਗ ਕਰਵਾਈ ਗਈ। ਰਾਸ਼ਟਰੀ ਖੇਡ ਦਿਵਸ ਤੋਂ ਚੱਲ ਰਹੀ ਇਸ ਲੀਗ ਵਿੱਚ ਚਕਰ ਦੀਆਂ ਚੰਗੀਆਂ ਮੁੱਕੇਬਾਜ਼ਾਂ ਦੇ ਉਮਰ ਵਰਗ ਮੁਤਾਬਕ ਦੋ ਪੂਲ ਬਣਾਏ ਗਏ।
ਪੂਲ-ਏ ਵਿੱਚ ਖੁਸ਼ਦੀਪ ਕੌਰ ਨੇ ਸੋਨੇ ਅਤੇ ਜਸਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਤਮੰਨਾ ਅਤੇ ਹਰਪ੍ਰੀਤ ਕੌਰ ਨੇ ਕਾਂਸੀ ਦੇ ਤਗ਼ਮੇ ਜਿੱਤੇ। ਇਸੇ ਤਰ੍ਹਾਂ ਪੂਲ ਬੀ ਵਿੱਚ ਵੀਰਪਾਲ ਕੌਰ ਨੇ ਸੋਨੇ ਅਤੇ ਜਸਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਸੈਵੀ ਸੰਧੂ ਅਤੇ ਪ੍ਰਦੀਪ ਕੌਰ ਨੇ ਕਾਂਸੀ ਦੇ ਤਗ਼ਮੇ ਜਿੱਤੇ। ਇਸ ਸਮੇਂ ਬਾਕਸਿੰਗ ਦੇ ਕੁੱਝ ਸ਼ੋਅ ਮੈਚ ਵੀ ਕਰਵਾਏ ਗਏ। ਇਸ ਮੌਕੇ ਪੀਆਈਐੱਸ ਮੋਹਾਲੀ ਦੇ ਕੋਚ ਸੁਰਿੰਦਰ ਕੌਰ ਅਤੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਕੋਮਲਪ੍ਰੀਤ ਕੌਰ ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਵੱਲੋਂ ਪੰਦਰਾਂ ਖਿਡਾਰੀਆਂ ਲਈ ਵਰਦੀਆਂ, ਫੁੱਟਬਾਲਾਂ ਆਦਿ ਦੀ ਕਿੱਟ ਦਿੱਤੀ ਗਈ।
ਇਸ ਮੌਕੇ ਸਰਪੰਚ ਸੁਖਦੇਵ ਸਿੰਘ ਬੂਟਾ, ਜਸਵਿੰਦਰ ਸਿੰਘ, ਰਛਪਾਲ ਸਿੰਘ, ਸਰਵਨ ਸਿੰਘ, ਪ੍ਰੋ. ਜਗਜੀਤ ਸਿੰਘ ਮੱਲ੍ਹਾ, ਸਰਦੂਲ ਸਿੰਘ ਲੱਖਾ, ਦਰਸ਼ਨ ਸਿੰਘ, ਪਰਮਜੀਤ ਸਿੰਘ, ਪ੍ਰਿੰ. ਬਲਵੰਤ ਸਿੰਘ ਸੰਧੂ, ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਯੋਗਰਾਜ ਸਿੰਘ ਹਾਜ਼ਰ ਸਨ।