ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਵੱਲੋਂ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਪਿਛਲੇ ਕਰੀਬ ਪੌਣੇ ਤਿੰਨ ਮਹੀਨੇ ਤੋਂ ਚੱਲ ਰਹੇ ਪੱਕੇ ਮੋਰਚੇ ਤੋਂ ਥੋੜ੍ਹੀ ਦੂਰੀ ਪੈਂਦੇ ਪਿੰਡ ਕਾਲਖ ਵਿੱਚ ਅੱਜ ਸਵੇਰੇ ਐੱਸਡੀਐੱਮ ਗੁਰਸਿਮਰਨ ਸਿੰਘ ਭਾਰੀ ਪੁਲੀਸ ਫੋਰਸ ਸਮੇਤ ਜ਼ਮੀਨਾਂ ਐਕੁਆਇਰ ਕਰਨ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸੜਕ ਉੱਪਰ ਹੀ ਧਰਨਾ ਸ਼ੁਰੂ ਕਰ ਦਿੱਤਾ। ਕਈ ਘੰਟੇ ਦੀ ਜਦੋ-ਜਹਿਦ ਬਾਅਦ ਪੁਲੀਸ ਪ੍ਰਸ਼ਾਸਨ ਆਪਣੇ ਲਾਮ ਲਸ਼ਕਰ ਸਮੇਤ ਵਾਪਸ ਮੁੜ ਗਿਆ।
ਇਸੇ ਦੌਰਾਨ ਪਿੰਡ ਖੰਡੂਰ ਅਤੇ ਪਿੰਡ ਭੱਟੀਆਂ ਢਾਹਾਂ ਵਿੱਚ ਵੀ ਪੁਲੀਸ ਦੀ ਮਦਦ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਦਾ ਜਬਰੀ ਕਬਜ਼ਾ ਲੈਣ ਲਈ ਹੱਲਾ ਬੋਲਿਆ ਗਿਆ ਅਤੇ ਰੋਡ ਸੰਘਰਸ਼ ਯੂਨੀਅਨ ਦੇ ਸੰਗਠਨ ਸਕੱਤਰ ਜਸਵੰਤ ਸਿੰਘ ਭੱਟੀਆਂ ਦੀ ਪੁਲੀਸ ਨੇ ਕੁੱਟਮਾਰ ਵੀ ਕੀਤੀ। ਕਿਸਾਨ ਆਗੂ ਜਸਵੰਤ ਸਿੰਘ ਭੱਟੀਆਂ ਨੂੰ ਸੁਧਾਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਦੇ ਵਿਰੋਧ ਵਿੱਚ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਖ਼ਰ ਕਿਸਾਨਾਂ ਦੇ ਰੋਹ ਸਾਹਮਣੇ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਪਿੱਛੇ ਮੁੜਨਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਪੂਰਾ ਮੁਆਵਜ਼ਾ ਨਹੀਂ ਮਿਲਦਾ ਪ੍ਰਸ਼ਾਸਨ ਨੂੰ ਖੇਤਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਕੁਲਦੀਪ ਸਿੰਘ ਗਰੇਵਾਲ, ਰੋਡ ਸੰਘਰਸ਼ ਯੂਨੀਅਨ ਦੇ ਸੂਬਾ ਪ੍ਰਧਾਨ ਬਿਕਰਜੀਤ ਸਿੰਘ ਕਾਲਖ, ਕੁਲਦੀਪ ਸਿੰਘ ਗੁੱਜਰਵਾਲ, ਸੁਰਿੰਦਰ ਕੌਰ ਕਾਲਖ, ਬਲਦੇਵ ਸਿੰਘ ਜੀਰਖ ਅਤੇ ਹਰਜੀਤ ਸਿੰਘ ਘਲੋਟੀ ਨੇ ਵੀ ਸੰਬੋਧਨ ਕੀਤਾ।