ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਕਤੂਬਰ
ਐੱਸ. ਸੀ. ਡੀ ਸਰਕਾਰੀ ਕਾਲਜ ਦੀ ਵਿਦਿਆਰਥੀ ਪਰਿਸ਼ਦ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਅੱਜ ਡਾ. ਸਜਲਾ (ਅਰਥ ਸ਼ਾਸਤਰ ਵਿਭਾਗ) ਦੀ ਅਗਵਾਈ ਹੇਠ ਇੱਕ ਪੁਸਤਕ ਮੇਲਾ ਲਗਾਇਆ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਨੂੰ ਕਿਤਾਬਾਂ ਮੁਫ਼ਤ ਦਿੱਤੀਆਂ ਗਈਆਂ। ਪੁਸਤਕ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਡਾ. ਪਰਦੀਪ ਸਿੰਘ ਵਾਲੀਆ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਨੇਕ ਉਪਰਾਲੇ ਨਾਲ ਵਿਦਿਆਰਥੀਆਂ ਵਿਚ ਦਇਆ ਦੀ ਭਾਵਨਾ ਪੈਦਾ ਹੋਵੇਗੀ। ਜਾਣਕਾਰੀ ਮੁਤਾਬਿਕ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੁੱਕ ਬੈਂਕ ਨੂੰ ਕਿਤਾਬਾਂ ਦਾਨ ਕੀਤੀਆਂ। ਸਭਾ ਦੇ ਵਿਦਿਆਰਥੀ ਮੈਂਬਰਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਭਰਪੂਰ ਯਤਨ ਕੀਤੇ। ਕਾਲਜ ਦੇ ਵਿਦਿਆਰਥੀਆਂ ਲਈ ਲਗਭਗ ਸਾਰੇ ਵਿਸ਼ਿਆਂ ‘ਤੇ ਕਿਤਾਬਾਂ ਦੀ ਵਿਭਿੰਨਤਾ ਸੀ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਪੁਸਤਕ ਪ੍ਰੇਮੀ ਪੁੱਜੇ ਹੋਏ ਸਨ। ਪੁਸਤਕ ਮੇਲੇ ਦਾ 236 ਵਿਦਿਆਰਥੀਆਂ ਨੇ ਲਾਭ ਲਿਆ। ਇਸ ਮੌਕੇ ਟੀਚਰ ਇੰਚਾਰਜ ਡਾ. ਨਿਤਿਨ ਸੂਦ, ਡਾ. ਸੌਰਭ ਕੁਮਾਰ ਅਤੇ ਪ੍ਰੋ. ਨੇਹਾ ਵੀ ਮੌਜੂਦ ਸਨ।