ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿੱਚ ਪੁਸਤਕ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਦਾ ਉਦਘਾਟਨ ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ ਪਟਨਾ ਦੇ ਉਪ ਕੁਲਪਤੀ ਡਾ. ਰਾਮੇਸ਼ਵਰ ਸਿੰਘ ਅਤੇ ਸਬੰਧਤ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਇਸ ਪੁਸਤਕ ਪ੍ਰਦਰਸ਼ਨੀ ਦਾ ਪੂਰਾ ਲਾਭ ਉਠਾਉਣ ਅਤੇ ਆਪਣੀ ਰੁਚੀ ਦੀਆਂ ਵੱਧ ਤੋਂ ਵੱਧ ਕਿਤਾਬਾਂ ਲੈਣ। ਉਹ ਪ੍ਰਦਰਸ਼ਨੀ ਵਿਚ ਲਗਾਏ ਵੱਖੋ-ਵੱਖਰੇ ਸਟਾਲਾਂ ’ਤੇ ਗਏ ਅਤੇ ਵੈਟਰਨਰੀ ਵਿਗਿਆਨ, ਪਸ਼ੂ ਪ੍ਰਜਣਨ, ਬਾਇਓਟੈਕਨਾਲੋਜੀ, ਡੇਅਰੀ ਤਕਨਾਲੋਜੀ ਅਤੇ ਫ਼ਿਸ਼ਰੀਜ਼ ਵਿਗਿਆਨ ਖੇਤਰ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਯੂਨੀਵਰਸਿਟੀ ਲਾਇਬ੍ਰੇਰੀਅਨ ਡਾ. ਦਿਗਵਿਜੇ ਸਿੰਘ ਨੇ ਦੱਸਿਆ ਕਿ 10 ਉੱਘੇ ਪ੍ਰਕਾਸ਼ਕਾਂ ਨੇ ਇਸ ਪ੍ਰਦਰਸ਼ਨੀ ਵਿਚ ਹਿੱਸਾ ਲਿਆ ਹੈ। ਵੈਟਰਨਰੀ ਯੂਨੀਵਰਸਿਟੀ ਵੱਲੋਂ ਹਰ ਸਾਲ ਪੁਸਤਕ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਅਤੇ ਉਸ ਲੜੀ ਵਿਚ ਇਹ ਨੌਵੀਂ ਪ੍ਰਦਰਸ਼ਨੀ ਹੈ ਪਰ ਪਿਛਲੇ ਦੋ ਵਰ੍ਹੇ ਕੋਰੋਨਾ ਪਾਬੰਦੀਆਂ ਕਾਰਨ ਇਹ ਨਹੀਂ ਲਗਾਈ ਜਾ ਸਕੀ। ਪੁਸਤਕ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਯੂਨੀਵਰਸਿਟੀ ਲਾਇਬ੍ਰੇਰੀ ਵਾਸਤੇ ਨਵੀਆਂ ਪੁਸਤਕਾਂ ਖਰੀਦਣਾ ਵੀ ਹੁੰਦਾ ਹੈ ਜਦਕਿ ਨਾਲ ਨਾਲ ਵਿਦਿਆਰਥੀ ਅਤੇ ਅਧਿਆਪਕ ਆਪਣੀ ਨਿੱਜੀ ਲਾਇਬ੍ਰੇਰੀ ਵਾਸਤੇ ਵੀ ਪੁਸਤਕਾਂ ਖਰੀਦਦੇ ਹਨ। ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।