ਪੱਤਰ ਪ੍ਰੇਰਕ
ਜਗਰਾਉਂ, 18 ਅਪਰੈਲ
ਇੱਥੇ ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਸਾਹਿਤਕ ਮਿਲਣੀ ਹੋਈ, ਜਿਸ ਵਿੱਚ ਵੱਡੀ ਗਿਣਤੀ ਸਾਹਿਤਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਭਜੋਤ ਸੋਹੀ ਦੀ ਪ੍ਰਧਾਨਗੀ ਅਤੇ ਅਵਤਾਰ ਜਗਰਾਉਂ ਦੀ ਸਰਪ੍ਰਸਤੀ ਹੇਠ ਜੁੜੇ ਸਾਹਿਤਕ ਪ੍ਰੇਮੀਆਂ ਨੇ ਜਿੱਥੇ ਗਜ਼ਲਾਂ, ਗੀਤਾਂ ਤੇ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ ਉੱਥੇ ਅਧਿਆਪਕ ਖੇਤਰ ਦੀ ਜਾਣੀ-ਪਹਿਚਾਣੀ ਸ਼ਖਸੀਅਤ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਵੱਲੋਂ ਲਿਖੀ ਕਿਤਾਬ ‘ਪੰਜਾਬੀ ਸੂਬੇ ਦੇ ਲੋਕ ਨਾਇਕ ਸੰਤ ਫ਼ਤਹਿ ਸਿੰਘ’ ਲੋਕ ਅਰਪਣ ਕੀਤੀ ਗਈ। ਅਗਲੇ ਪੜਾਅ ’ਚ ਲੇਖਕ ਅਜੀਤ ਪਿਆਸਾ ਦੀ ਜੀਵਨ ਸਾਥਣ ਰੁਪਿੰਦਰ ਕੌਰ ਦੀ ਬੇਵਕਤੀ ਮੌਤ ’ਤੇ ਅਫਸੋਸ ਜ਼ਾਹਿਰ ਕਰਦਿਆਂ ਵਿਛੜੀ ਰੂਹ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਸਾਲਾਨਾ ਸਮਾਰੋਹ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਸਮਾਗਮ ਦੇ ਅੰਤਮ ਪੜਾਅ ’ਚ ਕਵੀ ਦਰਬਾਰ ਦਾ ਆਗਾਜ਼ ਕੀਤਾ, ਜਿਸ ਵਿੱਚ ਰੂਮੀ ਰਾਜ ਨੇ ‘ਢਹਿ ਢੇਰੀ ਤੂੰ ਹੋਏ ਚਿੱਤ ਨੂੰ ਰੱਬਾਂ ਫੇਰ ਦਲੇਰੀ ਦਈਂ’, ਹਰਪ੍ਰੀਤ ਅਖਾੜਾ ਨੇ ਕਵਿਤਾ ‘ਜੇਕਰ ਉਹ ਮੇਰੇ ਪਿਆਰ ’ਚ ਵਹਿ ਗਿਆ ਹੁੰਦਾ’ ਤੋਂ ਇਲਾਵਾ ਹੋਰਾਂ ਨੇ ਵੀ ਪੇਸ਼ਕਾਰੀਆਂ ਦਿੱਤੀਆਂ ਹਨ। ਕਵਿਤਾਵਾਂ ’ਤੇ ਪ੍ਰੋ. ਕਰਮ ਸਿੰਘ ਸੰਧੂ, ਰਾਜਦੀਪ ਤੂਰ ਤੇ ਅਵਿਨਾਸ਼ ਆਦਿ ਨੇ ਉਸਾਰੂ ਬਹਿਸ ’ਚ ਹਿੱਸਾ ਲਿਆ।