ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਮਾਰਚ
ਇੱਥੇ ਅੱਜ ਬਲਾਕ ਸਮਿਤੀ ਵੱਲੋਂ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਅਗਵਾਈ ਹੇਠ ਸਰਬ ਸਮਿਤੀ ਨਾਲ ਸਾਲ 2022-23 ਦਾ 2,18,70,312 ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਮਗਨਰੇਗਾ ਦਾ ਸੱਤ ਕਰੋੜ ਰੁਪਏ ਦਾ ਬਜਟ ਵੀ ਪਾਸ ਕੀਤਾ ਗਿਆ।
ਇਸ ਸਬੰਧੀ ਮੀਟਿੰਗ ਵਿੱਚ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਜਿਨ੍ਹਾਂ ਦਾ ਚੇਅਰਮੈਨ ਸੋਨੀ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਸੋਨੀ ਨੇ ਕਿਹਾ ਕਿ ਬਲਾਕ ਸਮਿਤੀ ਕੋਲ ਪਹਿਲੀ ਅਪਰੈਲ 2022 ਤੱਕ 10,81,000 ਦਾ ਬਕਾਇਆ ਸੀ ਅਤੇ ਪਹਿਲੀ ਅਪਰੈਲ 2022 ਤੋਂ 31 ਮਾਰਚ 2023 ਤੱਕ ਵੱਖ-ਵੱਖ ਸਰੋਤਾਂ ਰਾਹੀਂ 2,18,70,312 ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਪਹਿਲੀ ਅਪਰੈਲ 2022 ਤੋਂ ਮਾਰਚ 2023 ਤੱਕ 1,66,03,196 ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਵਿਧਾਇਕ ਸੌਂਦ ਨੇ ਪਿਛਲੇ ਸਮੇਂ ਦੌਰਾਨ ਕੀਤੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਕੀਤੀਆਂ ਅਤੇ ਕਿਹਾ ਕਿ ‘ਆਪ’ ਦੀ ਸਰਕਾਰ ਵੱਲੋਂ ਜਲਦੀ ਹੀ ਪਿੰਡਾਂ ਦੇ ਵਿਕਾਸ ਕੰਮਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਮਨਜੀਤ ਸਿੰਘ, ਜਗਤਾਰ ਸਿੰਘ, ਲਛਮਣ ਸਿੰਘ ਗਰੇਵਾਲ, ਮਾ. ਸੋਹਨ ਸਿੰਘ, ਸਤਿੰਦਰ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ, ਚਰਨਜੀਤ ਕੌਰ, ਲਖਵੀਰ ਕੌਰ ਤੇ ਮਨਜੀਤ ਕੌਰ ਆਦਿ ਵੀ ਹਾਜ਼ਰ ਸਨ।