ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 2 ਜੁਲਾਈ
ਗਿੱਲੇ ਅਤੇ ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮ ਨੂੰ ਮਾਨਤਾ ਦਿੰਦਿਆਂ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਦੋਰਾਹਾ ਨੂੰ ਇਸ ਖੇਤਰ ਵਿਚ ਮਾਡਲ ਬਲਾਕ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਬਲਾਕ ਦੇ ਹਰੇਕ ਪਿੰਡ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕਰਨ ਲਈ ਵਿਭਾਗ ਵਲੋਂ 2.97 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਮਗਨਰੇਗਾ ਅਤੇ ਪੰਚਾਇਤ ਫੰਡਾਂ ਨਾਲ ਇਹ ਪ੍ਰਾਜੈਕਟ ਬਲਾਕ ਦੇ 13 ਪਿੰਡਾਂ ਵਿਚ ਲਾਗੂ ਕੀਤਾ ਗਿਆ ਹੈ। 7 ਪਿੰਡਾਂ ਵਿਚ ਇਹ ਪਲਾਂਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੇ ਹਨ ਜਦਕਿ ਬਾਕੀ 6 ਪਿੰਡਾਂ ਵਿਚ ਵੀ ਜਲਦੀ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਬਲਾਕ ਦੇ ਸਾਰੇ ਪਿੰਡਾਂ ਵਿਚ ਇਹ ਕੰਮ 15 ਦਿਨਾਂ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਗਿੱਲੇ ਕੂੜੇ ਤੋਂ ਆਰਗੈਨਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਖਾਦ ਨੂੰ ਵੇਚ ਕੇ ਪੰਚਾਇਤਾਂ ਨੂੰ ਆਮਦਨ ਹੋਣ ਦੇ ਨਾਲ ਨਾਲ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਵੱਧ ਰਹੇ ਹਨ। ਇਸ ਮੌਕੇ ਹਾਜ਼ਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਦੀਪ ਕੌਰ ਨੇ ਦੱਸਿਆ ਕਿ 13 ਪਿੰਡਾਂ ਵਿਚ ਦਾਉਮਾਜਰਾ, ਅਲੂਣਾ ਤੋਲਾ, ਲੰਢਾ, ਭਰਥਲਾ ਰੰਧਾਵਾ, ਚੰਨਕੋਈਆਂ ਖੁਰਦ, ਘਲੋਟੀ, ਅਫ਼ਜ਼ੁੱਲਾਪੁਰ, ਰੌਣੀ, ਕੋਟਲਾ ਅਫਗਾਨਾ, ਘਣਗਸ, ਮਾਂਹਪੁਰ, ਮਾਜਰੀ ਅਤੇ ਫਿਰੋਜ਼ਪੁਰ ਸ਼ਾਮਿਲ ਹਨ।