ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਮਈ
ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਇਲਾਕੇ ਦੇ ਪਿੰਡਾਂ ’ਚ ਕਾਰਪੋਰੇਟਾਂ ਅਤੇ ਮੋਦੀ ਹਕੂਮਤ ਦੇ ਪੁਤਲੇ ਫੂਕ ਕੇ ਰੋਸ ਵਿਖਾਵਾ ਕੀਤਾ। ਹਠੂਰ ਇਲਾਕੇ ਦੇ ਪਿੰਡਾਂ ’ਚ ਮੀਟਿੰਗਾਂ ਅਤੇ ਅਰਥੀਆਂ ਫੂਕਣ ਤੋਂ ਬਾਅਦ ਪਿੰਡ ਲੱਖਾ ਵਿੱਚ ਭਰਵੀਂ ਇਕੱਤਰਤਾ ਹੋਈ। ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਭਲਕੇ 26 ਮਈ ਨੂੰ ਘਰਾਂ, ਦੁਕਾਨਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਲਹਿਰਾਉਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਅਹਿਦ ਲਿਆ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਈ ਵੀ ਘਰ ਜਾਂ ਦੁਕਾਨ ਕਾਲੇ ਝੰਡੇ ਤੋਂ ਵਾਂਝੀ ਨਾ ਰਹੇ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਉਮੀਦ ਪ੍ਰਗਟਾਈ ਕਿ ਸੰਯੁਕਤ ਕਿਸਾਨ ਮੋਰਚੇ ਦਾ ਇਹ ਪ੍ਰੋਗਰਾਮ ਜਗਰਾਉਂ ਇਲਾਕੇ ’ਚ ਪੂਰੀ ਤਰ੍ਹਾਂ ਸਫ਼ਲ ਰਹੇਗਾ। ਜਥੇਬੰਦੀ ਨੇ ਇਲਾਕੇ ਦੇ ਮਜ਼ਦੂਰਾਂ ਨੂੰ ‘ਕਾਲਾ ਦਿਵਸ’ ਮਨਾਉਣ ਦੇ ਪ੍ਰੋਗਰਾਮ ਲਈ ਲਾਮਬੰਦ ਕੀਤਾ ਅਤੇ ਨਾਲ ਹੀ ਅਗਲੇ ਦਿਨਾਂ ’ਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਮਨੁੱਖਤਾ ਵਿਰੁੱਧ ਕਾਲੀ ਸਾਜਿਸ਼ ਹਨ, ਜੋ ਮਨੁੱਖਤਾ ਦੀ ਰੋਜ਼ੀ ਰੋਟੀ ਅਤੇ ਖੇਤੀ ਨਾਲੋਂ ਰਿਸ਼ਤਾ ਤੋੜ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਰਬਾਦ ਕਰਨਗੇ। ਅਰਥੀ ਫੂਕ ਮੁਜ਼ਾਹਰੇ ਮੌਕੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ, ਕਿਰਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੂੰ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਹਰ ਵਰਗ ਦੀ ਪੈਨਸ਼ਨ ’ਚ ਵਾਧਾ, ਪਲਾਟ ਦੇ ਕੇ ਮਕਾਨ ਉਸਾਰੀ ਲਈ ਗਰਾਂਟ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਜੋਗਿੰਦਰ ਸਿੰਘ, ਨਿਰਮਲ ਸਿੰਘ, ਬਿੱਕਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਮਹਿੰਗਾ ਸਿੰਘ ਆਦਿ ਮੌਜੂਦ ਸਨ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਨੇ ਕੋਠੇ ਪੋਨਾ, ਮੀਰਪੁਰ ਹਾਂਸ ਤੇ ਹੋਰਨਾਂ ਪਿੰਡਾਂ ’ਚ ਲੋਕਾਂ ਨੂੰ ‘ਕਾਲਾ ਦਿਵਸ’ ਮਨਾਉਣ ਲਈ ਲਾਮਬੰਦ ਕੀਤਾ। ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਜਲ, ਜੰਗਲ ਤੇ ਜ਼ਮੀਨ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਹ ਮਨਸੂਬੇ ਸਫਲ ਹੋਣ ਦੀ ਸੂਰਤ ’ਚ ਲੋਕਾਂ ਦਾ ਜਿਊਣਾ ਵੀ ਦੁੱਭਰ ਹੋ ਜਾਵੇਗਾ। ਇਸ ਸਮੇਂ ਤੇਜਾ ਸਿੰਘ, ਬੰਤਾ ਸਿੰਘ, ਚਰਨ ਸਿੰਘ, ਜਸਪਾਲ ਸਿੰਘ, ਸ਼ਿੰਗਾਰਾ ਸਿੰਘ ਆਦਿ ਮੌਜੂਦ ਸਨ।
ਉਥੇ ਹੀ ਪਿੰਡ ਭਰੋਵਾਲ ਵਾਸੀਆਂ ਨੇ ਭਲਕੇ ਫੂਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖ਼ਾਸ ਕਿਸਮ ਦਾ ਪੁਤਲਾ ਤਿਆਰ ਕੀਤਾ ਹੈ। ਨੀਲੇ ਕੁੜਤੇ ਅਤੇ ਲਾਲ ਰੰਗ ਦੇ ਚਾਦਰੇ ਵਾਲੇ ਇਸ ਪੁਤਲੇ ਦੇ ਉਪਰ ਮੂੰਹ ਲਈ ਮੋਦੀ ਦੀ ਤਸਵੀਰ ਵਰਤੀ ਗਈ ਹੈ। ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਗੁਰਮੇਲ ਸਿੰਘ ਭਰੋਵਾਲ, ਭਜਨ ਸਿੰਘ, ਪ੍ਰਧਾਨ ਗੁਰਦੀਪ ਸਿੰਘ ਪੰਧੇਰ, ਡਾ. ਰਾਜਿੰਦਰ ਸਿੰਘ ਤਾਰੀ ਦੀ ਅਗਵਾਈ ’ਚ ਪਹਿਲਾਂ ਪਿੰਡ ਅੰਦਰ ਕਾਲੀਆਂ ਝੰਡੀਆਂ ਲੈ ਕੇ ਇਕ ਮਾਰਚ ਕੱਢਿਆ ਗਿਆ।
ਖੰਨਾ/ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਕੋਟ ਪਨੈਚ ਅਤੇ ਨਿਰਭੈ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਦਿਨ ਰਾਤ ਬਾਰਡਰਾਂ ’ਤੇ ਆਪਣੇ ਹਿੱਤਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਖੇਤੀ ਕਾਨੂੰਨਾਂ ਰਾਹੀਂ ਅਸਲ ਵਿਚ ਪਹਿਲਾ ਤੋਂ ਮੌਜੂਦ ਸਰਕਾਰੀ ਖੇਤੀ ਮੰਡੀਆਂ ਦੇ ਮੁਕਾਬਲੇ ਪ੍ਰਾਈਵੇਟ ਪਲੇਅਰਾਂ ਨੂੰ ਲਿਆਉਣਾ ਚਾਹੁੰਦੀ ਹੈ। ਇਹ ਸਭ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਕਰ ਰਹੀ ਹੈ ਤਾਂ ਜੋ ਪੂੰਜੀਵਾਦ ਸਿਸਟਮ ਨੂੰ ਪੂਰਨ ਰੂਪ ਵਿਚ ਖੇਤੀਬਾੜੀ ’ਤੇ ਲਾਗੂ ਕੀਤਾ ਜਾ ਸਕੇ ਤੇ ਕੌਮਾਂਤਰੀ ਮੁਕਾਬਲੇ ਦੀ ਨੀਤੀ ਤਹਿਤ ਹੌਲੀ ਹੌਲੀ ਭਾਰਤ ਵਿਚ ਸਬਸਿਡੀਆਂ ਖ਼ਤਮ ਕੀਤੀਆਂ ਜਾ ਸਕਣ।
ਧਰਨਿਆਂ ’ਚ ਕਾਲੀਆਂ ਪੱਗਾਂ-ਚੁੰਨੀਆਂ ਨਾਲ ਸ਼ਾਮਲ ਹੋਣ ਦਾ ਸੱਦਾ
ਇਥੇ ਰੇਲਵੇ ਪਾਰਕ ’ਚ ਜਾਰੀ ਕਿਸਾਨ ਸੰਘਰਸ਼ ਮੋਰਚੇ ਦਾ 237ਵੇਂ ਦਿਨ ਅੱਜ ਵਿਦਰੋਹੀ ਕਵੀ ਕਾਜੀ ਨਜ਼ਰੂਲ ਇਸਲਾਮ ਨੂੰ ਸਮਰਪਿਤ ਰਿਹਾ। 25 ਮਈ 1899 ਨੂੰ ਜਨਮੇ ਬੰਗਾਲ ਦੇ ਪ੍ਰਸਿੱਧ ਕਵੀ, ਦਾਰਸ਼ਨਿਕ, ਸੰਗੀਤਕਾਰ ਨਜ਼ਰੂਲ ਸਾਰੀ ਉਮਰ ਧਾਰਮਿਕ ਪਾਖੰਡਵਾਦ, ਕੱਟੜਵਾਦ ਖ਼ਿਲਾਫ਼ ਇਨਸਾਫ਼ ਦੀ ਲੜਾਈ ਲੜਦੇ ਰਹੇ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿਧਵਾਂ, ਦਵਿੰਦਰ ਸਿੰਘ ਮਲਸੀਹਾਂ ਨੇ ਕਿਹਾ ਕਿ ਹਰ ਪਿੰਡ ’ਚ ਸਾਰੀਆਂ ਇਕਾਈਆਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਕਾਲੇ ਝੰਡਿਆਂ ਦੀ ਸਿਲਾਈ ਕੀਤੀ ਜਾ ਰਹੀ ਹੈ। 26 ਮਈ ਨੂੰ ਹਰ ਘਰ ਦੇ ਬਨੇਰੇ ’ਤੇ ਕਾਲਾ ਝੰਡਾ, ਹਰ ਸੀਸ ’ਤੇ ਕਾਲੀ ਪੱਗ, ਹਰ ਭੈਣ ਦੇ ਸਿਰ ’ਤੇ ਕਾਲੀ ਚੁੰਨੀ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਤੇ ਰੋਹ ਦੀ ਪ੍ਰਤੀਕ ਬਣੇਗੀ। ਉਨ੍ਹਾਂ ਦੱਸਿਆ ਕਿ ਜਗਰਾਉਂ ਦੀਆਂ ਸਾਰੀਆਂ ਕਾਰੋਬਾਰੀ ਜਥੇਬੰਦੀਆਂ, ਆੜ੍ਹਤੀਆ ਐਸੋਸੀਏਸ਼ਨ, ਕਰਿਆਨਾ ਮਰਚੈਂਟਸ ਐਸੋਸੀਏਸ਼ਨ, ਮਸ਼ੀਨਰੀ ਡੀਲਰਜ਼ ਐਸੋਸੀਏਸ਼ਨ, ਫਰਟੀਲਾਈਜ਼ਰ ਐਸੋਸੀਏਸ਼ਨ, ਸਬਜ਼ੀ ਮੰਡੀ ਮਜ਼ਦੂਰ ਯੂਨੀਅਨ, ਰੇਹੜੀ ਫੜ੍ਹੀ ਯੂਨੀਅਨ ਅਤੇ ਇਲਾਕੇ ਦੀਆਂ ਟਰੇਡ ਯੂਨੀਅਨਾਂ ਇਸ ’ਚ ਸ਼ਾਮਲ ਹੋਣਗੀਆਂ।