ਗਗਨਦੀਪ ਅਰੋੜਾ
ਲੁਧਿਆਣਾ, 9 ਸਤੰਬਰ
ਨਗਰ ਸੁਧਾਰ ਟਰੱਸਟ ਲੁਧਿਆਣਾ ’ਚ ਪੌਣੇ ਚਾਰ ਏਕੜ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਪੁਲੀਸ ਨਾਲ ਧੱਕਾਮੁੱਕੀ ਕਰਦੇ ਹੋਏ ਨਗਰ ਸੁਧਾਰ ਟਰੱਸਟ ਦੇ ਮੁੱਖ ਗੇਟ ਨੂੰ ਭਾਜਪਾ ਆਗੂਆਂ ਨੇ ਤਾਲਾ ਮਾਰ ਦਿੱਤਾ। ਇਸ ਤੋਂ ਬਾਅਦ ਉਹ ਅੱਗੇ ਟਰੱਸਟ ਦੇ ਚੇਅਰਮੈਨ ਦੇ ਦਫ਼ਤਾਰ ਨੂੰ ਵੀ ਤਾਲਾ ਲਾਉਣ ਦੀ ਕੋਸ਼ਿਸ਼ ’ਚ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਅਸਲ ’ਚ ਵੀਰਵਾਰ ਨੂੰ ਜ਼ਿਲ੍ਹਾ ਭਾਜਪਾ ਦੇ ਆਗੂਆਂ ਨੇ ਟਰੱਸਟ ਦੇ ਦਫ਼ਤਰ ਨੂੰ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਸੀ। ਸਵੇਰੇ ਹੀ ਪੁਲੀਸ ਨੇ ਐਲਾਨ ਨੂੰ ਦੇਖਦੇ ਹੋਏ ਪਹਿਲਾਂ ਤੋਂ ਚਾਰੇ ਪਾਸੇ ਬੈਰੀਕੇਡਿੰਗ ਕਰ ਦਿੱਤੀ ਸੀ ਪਰ ਭਾਜਪਾ ਆਗੂ ਪੁਲੀਸ ਨੂੰ ਚਕਮਾ ਦੇ ਕੇ ਮੁੱਖ ਸੜਕ ਤੋਂ ਆਉਣ ਦੀ ਜਗ੍ਹਾ ਪਾਰਕਿੰਗ ਇਲਾਕੇ ’ਚੋਂ ਟਰੱਸਟ ਦੇ ਮੁੱਖ ਗੇਟ ਤੱਕ ਪੁੱਜ ਗਏ। ਜਿੱਥੇ ਉਨ੍ਹਾਂ ਨੇ ਦਫ਼ਤਰ ਨੂੰ ਤਾਲਾ ਮਾਰਨ ਉਪਰੰਤ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਸੁਬਰਾਮਨੀਅਮ ਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਰੋੜਾਂ ਰੁਪਏ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀ ਹੈ। 3.79 ਏਕੜ ਯਾਨੀ ਕਿ 16,344 ਵਰਗ ਗਜ ਦਾ 91 ਕਰੋੜ 86 ਲੱਖ 47 ਹਜ਼ਾਰ ਰੁਪਏ ਦਾ ਰਿਜ਼ਰਵ ਪ੍ਰਾਈਜ਼ ਕੀਤਾ ਸੀ, ਸ਼ਹਿਰ ਦੇ ਮਾਡਲ ਟਾਊਨ ਐਕਸਟੈਨਸ਼ਨ ਪਾਰਟ ਟੂ ਅਤੇ ਦੁੱਗਰੀ ਰੋਡ ਸਥਿਤ ਜਿਸ ਇਲਾਕੇ ’ਚ ਇਹ ਜ਼ਮੀਨ ਹੈ, ਉਥੇ ਮਾਰਕੀਟ ਭਾਅ ਲਗਭਗ 2 ਲੱਖ ਰੁਪਏ ਪ੍ਰਤੀ ਗਜ ਹੈ। ਇਸ ਹਿਸਾਬ ਨਾਲ ਜ਼ਮੀਨ ਦੀ ਕੁੱਲ ਕੀਮਤ ਲਗਭਗ 350 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਚੇਅਰਮੈਨ ਅਤੇ ਮੰਤਰੀ ਨੇ ਮਿਲ ਕੇ ਇਸ ਜ਼ਮੀਨ ਨੂੰ ਆਪਣੇ ਚਹੇਤਿਆਂ ਨੂੰ ਸਿਰਫ਼ 98 ਕਰੋੜ ਰੁਪਏ ’ਚ ਵੇਚ ਦਿੱਤੀ। ਇਸ ਲਈ ਭਾਜਪਾ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਪ੍ਰਵੀਨ ਬਾਂਸਲ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਵਕੀਲ ਬਿਕਰਮ ਸਿੱਧੂ, ਮਹੇਸ਼ ਸ਼ਰਮਾ ਸਣੇ ਵੱਡੀ ਗਿਣਤੀ ’ਚ ਭਾਜਪਾ ਆਗੂ ਹਾਜ਼ਰ ਸਨ।
ਯੂਥ ਕਾਂਗਰਸੀਆਂ ਨੇ ਤਾਲੇ ਤੋੜਦਿਆਂ ਗੇਟ ਪੁੱਟਿਆ
ਭਾਜਪਾ ਆਗੂਆਂ ਵੱਲੋਂ ਟਰੱਸਟ ਦੇ ਦਫ਼ਤਰ ਨੂੰ ਤਾਲਾ ਲਗਾਉਣ ਤੋਂ ਬਾਅਦ ਯੂਥ ਕਾਂਗਰਸ ਦੇ ਆਗੂ ਟਰੱਸਟ ਦੇ ਦਫ਼ਤਰ ਪੁੱਜ ਗਏ ਤੇ ਉਨ੍ਹਾਂ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਤਾਲਾ ਨਾ ਟੁੱਟਿਆ ਤਾਂ ਲੱਤਾਂ ਮਾਰ ਮਾਰ ਕੇ ਯੂਥ ਕਾਂਗਰਸੀਆਂ ਨੇ ਗੇਟ ਤੋੜ ਦਿੱਤਾ। ਇਸ ਦੌਰਾਨ ਭਾਜਪਾ ਆਗੂਆਂ ਨੇ ਵੀ ਇਸ ’ਤੇ ਵਿਰੋਧ ਜ਼ਾਹਿਰ ਕੀਤਾ। ਮੌਕੇ ’ਤੇ ਪੁਲੀਸ ਨੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਅਕਾਲੀ ਦਲ ਵੱਲੋਂ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ
ਲੁਧਿਆਣਾ (ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਨੇ ਪੁਲੀਸ ਕਮਿਸ਼ਨਰ ਨੂੰ ਇਕ ਸ਼ਿਕਾਇਤ ਰਾਹੀਂ ਨਗਰ ਸੁਧਾਰ ਟਰੱਸਟ ਵੱਲੋਂ ਕਰੀਬ 4 ਏਕੜ ਜ਼ਮੀਨ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਮਾਮਲੇ ਵਿੱਚ ਤੁਰੰਤ ਕੇਸ ਦਰਜ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਫ਼ਦ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਇਸ ਕਾਰਵਾਈ ਨਾਲ ਟਰੱਸਟ ਨੂੰ ਕਰੀਬ 200-250 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਜਿਸ ਵਿਅਕਤੀ ਨੂੰ ਇਹ ਜ਼ਮੀਨ ਅਲਾਟ ਕੀਤੀ ਗਈ ਹੈ, ਉਸ ਨੂੰ ਸਿਰਫ਼ 25 ਕਰੋੜ ਰੁਪਏ ਲਗਾਉਣ ਨਾਲ ਹੀ 225 ਕਰੋੜ ਦਾ ਮੁਨਾਫ਼ਾ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਪਹਿਲਾਂ ਵੀ ਬਹੁਤ ਘੁਟਾਲੇ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ’ਤੇ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਵਾਈ ਜਾਵੇਗੀ।