ਗਗਨਦੀਪ ਅਰੋੜਾ
ਲੁਧਿਆਣਾ, 9 ਸਤੰਬਰ
ਨਗਰ ਸੁਧਾਰ ਟਰੱਸਟ ਲੁਧਿਆਣਾ ’ਚ ਪੌਣੇ ਚਾਰ ਏਕੜ ਜ਼ਮੀਨ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਪੁਲੀਸ ਨਾਲ ਧੱਕਾਮੁੱਕੀ ਕਰਦੇ ਹੋਏ ਨਗਰ ਸੁਧਾਰ ਟਰੱਸਟ ਦੇ ਮੁੱਖ ਗੇਟ ਨੂੰ ਭਾਜਪਾ ਆਗੂਆਂ ਨੇ ਤਾਲਾ ਮਾਰ ਦਿੱਤਾ। ਇਸ ਤੋਂ ਬਾਅਦ ਉਹ ਅੱਗੇ ਟਰੱਸਟ ਦੇ ਚੇਅਰਮੈਨ ਦੇ ਦਫ਼ਤਾਰ ਨੂੰ ਵੀ ਤਾਲਾ ਲਾਉਣ ਦੀ ਕੋਸ਼ਿਸ਼ ’ਚ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਅਸਲ ’ਚ ਵੀਰਵਾਰ ਨੂੰ ਜ਼ਿਲ੍ਹਾ ਭਾਜਪਾ ਦੇ ਆਗੂਆਂ ਨੇ ਟਰੱਸਟ ਦੇ ਦਫ਼ਤਰ ਨੂੰ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਸੀ। ਸਵੇਰੇ ਹੀ ਪੁਲੀਸ ਨੇ ਐਲਾਨ ਨੂੰ ਦੇਖਦੇ ਹੋਏ ਪਹਿਲਾਂ ਤੋਂ ਚਾਰੇ ਪਾਸੇ ਬੈਰੀਕੇਡਿੰਗ ਕਰ ਦਿੱਤੀ ਸੀ ਪਰ ਭਾਜਪਾ ਆਗੂ ਪੁਲੀਸ ਨੂੰ ਚਕਮਾ ਦੇ ਕੇ ਮੁੱਖ ਸੜਕ ਤੋਂ ਆਉਣ ਦੀ ਜਗ੍ਹਾ ਪਾਰਕਿੰਗ ਇਲਾਕੇ ’ਚੋਂ ਟਰੱਸਟ ਦੇ ਮੁੱਖ ਗੇਟ ਤੱਕ ਪੁੱਜ ਗਏ। ਜਿੱਥੇ ਉਨ੍ਹਾਂ ਨੇ ਦਫ਼ਤਰ ਨੂੰ ਤਾਲਾ ਮਾਰਨ ਉਪਰੰਤ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਸੁਬਰਾਮਨੀਅਮ ਤੇ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਰੋੜਾਂ ਰੁਪਏ ਦੀ ਜ਼ਮੀਨ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀ ਹੈ। 3.79 ਏਕੜ ਯਾਨੀ ਕਿ 16,344 ਵਰਗ ਗਜ ਦਾ 91 ਕਰੋੜ 86 ਲੱਖ 47 ਹਜ਼ਾਰ ਰੁਪਏ ਦਾ ਰਿਜ਼ਰਵ ਪ੍ਰਾਈਜ਼ ਕੀਤਾ ਸੀ, ਸ਼ਹਿਰ ਦੇ ਮਾਡਲ ਟਾਊਨ ਐਕਸਟੈਨਸ਼ਨ ਪਾਰਟ ਟੂ ਅਤੇ ਦੁੱਗਰੀ ਰੋਡ ਸਥਿਤ ਜਿਸ ਇਲਾਕੇ ’ਚ ਇਹ ਜ਼ਮੀਨ ਹੈ, ਉਥੇ ਮਾਰਕੀਟ ਭਾਅ ਲਗਭਗ 2 ਲੱਖ ਰੁਪਏ ਪ੍ਰਤੀ ਗਜ ਹੈ। ਇਸ ਹਿਸਾਬ ਨਾਲ ਜ਼ਮੀਨ ਦੀ ਕੁੱਲ ਕੀਮਤ ਲਗਭਗ 350 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਚੇਅਰਮੈਨ ਅਤੇ ਮੰਤਰੀ ਨੇ ਮਿਲ ਕੇ ਇਸ ਜ਼ਮੀਨ ਨੂੰ ਆਪਣੇ ਚਹੇਤਿਆਂ ਨੂੰ ਸਿਰਫ਼ 98 ਕਰੋੜ ਰੁਪਏ ’ਚ ਵੇਚ ਦਿੱਤੀ। ਇਸ ਲਈ ਭਾਜਪਾ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਪ੍ਰਵੀਨ ਬਾਂਸਲ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਵਕੀਲ ਬਿਕਰਮ ਸਿੱਧੂ, ਮਹੇਸ਼ ਸ਼ਰਮਾ ਸਣੇ ਵੱਡੀ ਗਿਣਤੀ ’ਚ ਭਾਜਪਾ ਆਗੂ ਹਾਜ਼ਰ ਸਨ।