ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਜੁਲਾਈ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪੈਗੰਬਰ ਮੁਹੰਮਦ ਬਾਰੇ ਭਾਜਪਾ ਦੀ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਬਾਰੇ ਸੁਪਰੀਮ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਉਹ ਮੋਦੀ ਹਕੂਮਤ ਦੀਆਂ ਅੱਖਾਂ ਖੋਲ੍ਹਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਏਜੰਡੇ ਤਹਿਤ ਕੇਂਦਰ ਸਰਕਾਰ ਕੰਮ ਕਰ ਰਹੀ ਹੈ, ਲਗਦਾ ਨਹੀਂ ਕਿ ਉਹ ਸੁਪਰੀਮ ਕੋਰਟ ਦੀਆਂ ਦਲੀਲਾਂ ਤੋਂ ਕੋਈ ਸਬਕ ਸਿੱਖੇਗੀ। ਉਨ੍ਹਾਂ ਪੰਜਾਬ ਦੀ ਸਮੂਹ ਇਨਕਲਾਬੀ ਤੇ ਜਮਹੂਰੀ ਸ਼ਕਤੀਆਂ ਨੂੰ ਅਪੀਲ ਕੀਤੀ ਕਿ ਦੇਸ਼ ਭਰ ’ਚ ਭਾਜਪਾ ਅਤੇ ਆਰਐੱਸਐੱਸ ਦੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦਾ ਸਹੀ ਸਮਾਂ ਆ ਗਿਆ ਹੈ। ਉਨ੍ਹਾਂ ਮੁੰਬਈ ’ਚ ਵਕੀਲ ਤੇ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਅਤੇ ਸਾਬਕਾ ਡੀਜੀਪੀ ਆਰਬੀ ਸ੍ਰੀਕੁਮਾਰ ਨੂੰ ਏਟੀਸੀ ਗੁਜਰਾਤ ਵੱਲੋਂ ਗ੍ਰਿਫ਼ਤਾਰ ਕਰ ਕੇ ਕੇਸ ’ਚ ਰਿਮਾਂਡ ਹਾਸਲ ਕਰਨ, ਦੋ ਟਵਿੱਟਰ ਹੈਂਡਲ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿਟਰ ’ਤੇ ਪਾਬੰਦੀ ਲਾਉਣ ਮਗਰੋਂ ਫੈਕਟ ਚੈੱਕਿੰਗ ਵੈਬਸਾਈਟ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਵੀ ਗ੍ਰਿਫ਼ਤਾਰ ਕਰਨ ਨੂੰ ਮਾਰੂ ਹਮਲੇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਯੂਐੱਨਓ ਤੇ ਅਮਰੀਕਾ ’ਚ ਵੀ ਮੋਦੀ ਹਕੂਮਤ ਦੀਆਂ ਇਨ੍ਹਾਂ ਕਾਰਵਾਈਆਂ ਕਰਕੇ ਦੀ ਆਲੋਚਨਾ ਹੋ ਰਹੀ ਹੈ ਜਿਸ ਨੂੰ ਭਾਰਤ ਸਰਕਾਰ ਅੰਦਰੂਨੀ ਮਾਮਲਾ ਕਹਿ ਕੇ ਨਕਾਰ ਰਹੀ ਹੈ।