ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਐਤਵਾਰ ਨੂੰ ਵੀ ਕਿਸਾਨ ਮੋਰਚਾ ਜਾਰੀ ਰਿਹਾ। ਇਸ ਸਮੇਂ ਕਿਸਾਨ ਆਗੂਆਂ ਨੇ 12 ਅਕਤੂਬਰ ਨੂੰ 12 ਤੋਂ 2.30 ਵਜੇ ਤੱਕ ਮੋਰਚੇ ’ਤੇ ‘ਕਿਸਾਨ ਸ਼ਹੀਦੀ ਦਿਵਸ’ ਮਨਾਉਣ ਦਾ ਐਲਾਨ ਕਰਦਿਆਂ ਇਸ ਦੀ ਤਿਆਰੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਅਮੀਰਾਂ ਤੇ ਗ਼ਰੀਬਾਂ ਨਾਲ ਵੱਖ ਵੱਖ ਵਿਵਹਾਰ ਹੁੰਦਾ ਆਇਆ ਹੈ। ਭਾਜਪਾ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ ਉਦੋਂ ਤੋਂ ਇਸ ਦਾ ਪੱਧਰ ਹੋਰ ਨੀਂਵਾ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਅਮੀਰਾਂ ਲਈ ਕਾਨੂੰਨ ਹੋਰ ਤਰ੍ਹਾਂ ਕੰਮ ਕਰਨ ਲੱਗਾ ਹੈ ਤੇ ਗ਼ਰੀਬਾਂ ਨਾਲ ਹੋਰ ਤਰ੍ਹਾਂ ਪੇਸ਼ ਆਉਂਦਾ ਹੈ। ਭਾਜਪਾ ਧਰਮ ਤੇ ਜਾਤ ਸਣੇ ਹੋਰ ਕਿਸਮ ਦਾ ਪਾੜਾ ਪਾ ਕੇ ਸੱਤਾ ਪ੍ਰਾਪਤੀ ਲਈ ਲੜਦੀ ਹੈ। ਇਹ ਸਭ ਕੁਝ ਦੇਸ਼ ਦੇ ਭਵਿੱਖ ਲਈ ਘਾਤਕ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਤੋਂ ਸਫ਼ਲਤਾ ਨਾਲ ਚਲਦੇ ਕਿਸਾਨ ਸੰਘਰਸ਼ ਤੋਂ ਭਾਜਪਾ ਬੌਖਲਾਹਟ ’ਚ ਹੈ। ਲਖੀਮਪੁਰ ਖੀਰੀ ਦੀ ਘਟਨਾ ’ਚ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਕਰਦਿਆਂ ਉਨ੍ਹਾਂ ਯੂ.ਪੀ. ’ਚ ਕਿਸਾਨਾਂ ਤੇ ਵਿਰੋਧੀ ਧਿਰਾਂ ’ਤੇ ਲਾਈਆਂ ਪਾਬੰਦੀਆਂ ’ਤੇ ਦਫ਼ਾ 144 ਹਟਾਉਣ ’ਤੇ ਜ਼ੋਰ ਦਿੱਤਾ। ਧਰਨੇ ਨੂੰ ਜਸਦੇਵ ਸਿੰਘ ਲਲਤੋਂ, ਸਤਨਾਮ ਸਿੰਘ ਮੋਰਕਰੀਮਾ, ਆਤਮਾ ਸਿੰਘ ਚੌਕੀਮਾਨ, ਰਣਜੀਤ ਸਿੰਘ ਸਿੱਧਵਾਂ, ਸੋਹਣ ਸਿੰਘ ਤਲਵੰਡੀ, ਗੁਰਮਿੰਦਰ ਸਿੰਘ ਸੇਖੋਂ, ਰਣਜੀਤ ਸਿੰਘ ਗੁੜੇ, ਜਸਵੀਰ ਸਿੰਘ ਗੁੜੇ ਨੇ ਸੰਬੋਧਨ ਕੀਤਾ।
ਰੇਲਵੇ ਪਾਰਕ ਜਗਰਾਉਂ ’ਚ ਧਰਨੇ ਦੇ 375ਵੇਂ ਦਿਨ ਬੁਲਾਰਿਆਂ ਨੇ ਕਿਹਾ ਕਿ 12 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਖੀਮਪੁਰ ਖੀਰੀ ਦੇ ਕਿਸਾਨ ਅਤੇ ਪੱਤਰਕਾਰ ਸ਼ਹੀਦਾਂ ਨੂੰ ਸਵੇਰ ਸਮੇਂ ਪਿੰਡਾਂ ਦੇ ਗੁਰਦੁਆਰਿਆਂ ’ਚ ਅਰਦਾਸ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਉਪਰੰਤ ਜਗਰਾਉਂ ਵਿਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਹੋਵੇਗਾ। ਇਸ ਸਮੇਂ ਕੀਰਤਨ ਦਰਬਾਰ ਵੀ ਸਜਾਇਆ ਜਾਵੇਗਾ। ਸ਼ਾਮ ਨੂੰ ਸਾਰੇ ਘਰਾਂ ’ਚ ਪੰਜ-ਪੰਜ ਮੋਮਬੱਤੀਆਂ ਜਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।
ਕਿਸਾਨ ਆਗੂ ਹਰਚੰਦ ਸਿੰਘ ਢੋਲਣ, ਨਿਰਮਲ ਸਿੰਘ ਭਮਾਲ, ਕੰਵਲਜੀਤ ਖੰਨਾ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸਾਰੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ 15 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਮੋਦੀ, ਅਮਿਤ ਸ਼ਾਹ, ਅਜੇ ਮਿਸ਼ਰਾ ਦੇ ਪੁਤਲੇ ਫੂਕੇ ਜਾਣਗੇ। ਧਰਨੇ ’ਚ ਕੁਲਦੀਪ ਸਿੰਘ ਗੁਰੂਸਰ, ਮਾਸਟਰ ਦੇਸਰਾਜ ਸਿੰਘ, ਉਪਕਾਰ ਸਿੰਘ ਰਾਮਗੜ੍ਹ, ਸੁਰਿੰਦਰ ਸ਼ਰਮਾ, ਧਰਮ ਸਿੰਘ ਸੂਜਾਪੁਰ ਆਦਿ ਮੌਜੂਦ ਸਨ।
ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਧਰਨਾਕਾਰੀਆਂ ਤੇ ਲੋਕਾਂ ਲਈ ਜਾਂਚ ਕੈਂਪ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਅੱਖਾਂ ਦੀਆਂ ਬਿਮਾਰੀ ਦਾ ਮੁਫ਼ਤ ਡਾਕਟਰੀ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਰਨੈਲ ਸਿੰਘ ਕਿਲ੍ਹਾ ਰਾਏਪੁਰ ਨੇ ਕੀਤਾ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਕੁਲਵੰਤ ਸਿੰਘ, ਡਾ. ਹਰਜੋਤ ਸਿੰਘ, ਡਾ. ਅਮਨ, ਅੱਖਾਂ ਦੇ ਮਾਹਿਰ ਡਾ. ਸੁਮੀਤ ਸਿੰਘ ਸਰਾਂ, ਡਾ. ਅਮਨਦੀਪ ਕੌਰ ਵੱਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਲੋਕਾਂ ਦੀ ਸਿਹਤਯਾਬੀ ਦੀ ਜ਼ਿੰਮੇਵਾਰੀ ਤੋਂ ਸਰਕਾਰਾਂ ਮੁਨਕਰ ਹੋ ਗਈਆਂ ਹਨ। ਕਿਸਾਨ ਆਗੂਆਂ ਨੇ ਸੰਘਰਸ਼ ਦੀ ਮਜ਼ਬੂਤੀ ਲਈ ਅੰਦੋਲਨਕਾਰੀਆਂ ਅਤੇ ਆਮ ਲੋਕਾਂ ਦੀ ਸਿਹਤਯਾਬੀ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋਂ, ਗੁਰਉਪਦੇਸ਼ ਸਿੰਘ ਘੁੰਗਰਾਣਾ, ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜਗਤਾਰ ਸਿੰਘ ਚਕੋਹੀ ਨੇ ਵੀ ਕੈਂਪ ਦੌਰਾਨ ਮਰੀਜ਼ਾਂ ਦੀ ਹਰ ਤਰ੍ਹਾਂ ਸੇਵਾ ਵਿਚ ਹੱਥ ਵਟਾਇਆ।
ਸ਼ਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਲਖੀਮਪੁਰ ਖੀਰੀ ਵਿੱਚ ਹੱਕਾਂ ਲਈ ਜੂਝਦਿਆਂ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸ਼ਹੀਦ ਕਿਸਾਨਾਂ ਲਈ ਅਰਦਾਸ ਕੀਤੀ। ਇਸ ਮੌਕੇ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਅਰਥੀਆਂ ਨੇ ਕੀਰਤਨ ਕੀਤਾ। ਉਪਰੰਤ ਸੰਤ ਬਾਬਾ ਅਮੀਰ ਸਿੰਘ ਨੇ ਨਾਮ ਸਿਮਰਨ ਨਾਲ ਸੰਗਤ ਨੂੰ ਜੋੜਿਆ। ਉਨ੍ਹਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਕਿਸਾਨ ਇੱਕ ਸਾਲ ਤੋਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਹਨ, ਇਹ ਕੇਵਲ ਕਿਸਾਨਾਂ ਦਾ ਨਹੀਂ ਬਲਕਿ ਹਰ ਉਸ ਪ੍ਰਾਣੀ ਦਾ ਸੰਘਰਸ਼ ਹੈ ਜੋ ਅੰਨ ਛਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਵੀ ਕੀਤੀ।