ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਜੂਨ
ਚੌਕੀਮਾਨ ਟੌਲ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪੰਜ ਜੂਨ ਨੂੰ ਭਾਜਪਾ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਧਰਨੇ ਦੇਣ ਦੇ ਐਕਸ਼ਨ ’ਚ ਸ਼ਮੂਲੀਅਤ ਦਾ ਫ਼ੈਸਲਾ ਕੀਤਾ। ਧਰਨੇ ਦੌਰਾਨ ਛੋਟੇ ਬੱਚਿਆਂ ਹਰਵਿੰਦਰ ਸਿੰਘ ਮੋਰਕਰੀਮਾ ਅਤੇ ਨਾਜ਼ਰ ਸਿੰਘ ਕਲਿਆਣ ਨੇ ਕਿਸਾਨਾਂ ਤੇ ਮਜ਼ਦੂਰਾਂ ਪੱਖੀ ਕਵਿਤਾਵਾਂ ਪੇਸ਼ ਕੀਤੀਆਂ।
ਇਸ ਦੌਰਾਨ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਮਾ. ਆਤਮਾ ਸਿੰਘ ਬੋਪਾਰਾਏ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਇਨਕਲਾਬੀ ਮਜ਼ਦੂਰ ਆਗੂ ਬਲਦੇਵ ਸਿੰਘ ਰਸੂਲਪੁਰ, ਕੁਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ ਬਰਮੀ, ਅਧਿਆਪਕ ਆਗੂ ਗੁਰਮਿੰਦਰ ਸਿੰਘ, ਚਰਨ ਸਿੰਘ ਸਰਾਭਾ, ਰਣਜੀਤ ਸਿੰਘ ਸਿੱਧਵਾਂ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦਾ ਅਰਥਚਾਰਾ ਮੂਧੇ ਮੂੰਹ ਡਿੱਗ ਗਿਆ ਹੈ। ਦੇਸ਼ ਵਾਸੀਆਂ ਨੂੰ ਕਰੋਨਾ ਵੈਕਸੀਨ ਦੇਣ ’ਚ ਨਾਕਾਮ ਰਹਿਣ ਕਾਰਨ ਵਿਸ਼ਵ ਭਰ ’ਚ ਮੁਲਕ ਦੀ ਭੰਡੀ ਹੋਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਬਦਨਾਮੀ ਖੱਟਣ ਤੋਂ ਬਾਅਦ ਵੀ ਕਾਰਪੋਰੇਟ ਮਿੱਤਰਾਂ ਨਾਲ ਯਾਰੀ ਪੁਗਾਉਣ ਲਈ ਮੋਦੀ-ਸ਼ਾਹ ਦੀ ਜੋੜੀ ਪਿੱਛੇ ਨਹੀਂ ਹਟ ਰਹੀ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸੰਘਰਸ਼ ਸਿਰਫ਼ ਕਿਸਾਨਾਂ ਦਾ ਨਹੀਂ ਸਗੋਂ ਇਹ ਕਾਰਪੋਰੇਟ ਘਰਾਣਿਆਂ ਅਤੇ ਇਸ ਦੇ ਦਲਾਲਾਂ ਤੋਂ ਬਗੈਰ ਸਾਰੇ ਵਰਗਾਂ ਦਾ ਸੰਘਰਸ਼ ਹੈ। ਇਸ ਲਈ ਹੁਣ ਕਿਸਾਨ ਡਟੇ ਰਹਿਣਗੇ। ਆਗੂਆਂ ਨੇ ਕਿਹਾ ਕਿ ਕਾਰਪੋਰੇਟ ਲੋਕਾਂ ਤੋਂ ਰੋਟੀ ਖੋਹ ਲੈਣਗੇ। ਇਸ ਸਮੇਂ ਸਰਪੰਚ ਜਸਵੰਤ ਸਿੰਘ ਭੱਟੀਆਂ, ਰਣਜੀਤ ਸਿੰਘ ਗੁੜੈ, ਜਸਵੀਰ ਸਿੰਘ, ਸੁਖਜੀਵਨ ਸਿੰਘ ਰਣਜੋਧ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ ਹਾਂਸ ਆਦਿ ਮੌਜੂਦ ਸਨ।
ਝੱਖੜ ਅਤੇ ਮੀਂਹ ਦੇ ਬਾਵਜੂਦ ਧਰਨਾਕਾਰੀਆਂ ਦੇ ਹੌਸਲੇ ਬੁਲੰਦ
ਗੁਰੂਸਰ ਸੁਧਾਰ (ਸੰਤੋਖ ਗਿੱਲ): ਝੱਖੜ ਅਤੇ ਤੇਜ਼ ਮੀਂਹ ਦੇ ਬਾਵਜੂਦ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਲੜੀਵਾਰ ਧਰਨੇ ਦੌਰਾਨ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਰਹੇ। ਧਰਨਾਕਾਰੀਆਂ ਵੱਲੋਂ ਧੁੱਪ ਅਤੇ ਮੀਂਹ ਤੋਂ ਬਚਣ ਲਈ ਬਣਾਇਆ ਆਰਜ਼ੀ ਛੱਪਰ ਵੀ ਟੁੱਟ ਗਿਆ ਸੀ ਪਰ ਅੰਦੋਲਨਕਾਰੀਆਂ ਨੇ ਮੁੜ ਛੱਪਰ ਬਣਾ ਕੇ ਧਰਨਾ ਜਾਰੀ ਰੱਖਿਆ। ਧਰਨੇ ਦੀ ਅਗਵਾਈ ਜਰਨੈਲ ਕੌਰ, ਅਮਨਦੀਪ ਕੌਰ ਅਤੇ ਮਹਿੰਦਰ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ। ਉੱਧਰ, ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਧਰਨਾ ਜਾਰੀ ਰਿਹਾ। ਕਿਸਾਨ ਆਗੂ ਸਰਬਜੀਤ ਸਿੰਘ ਸੁਧਾਰ ਨੇ ਕਿਹਾ ਕਿ ਭਲਕੇ 2 ਜੂਨ ਨੂੰ ਕਿਸਾਨਾਂ ਦਾ ਜਥਾ ਦਿੱਲੀ ਨੂੰ ਰਵਾਨਾ ਕੀਤਾ ਜਾਵੇਗਾ।
ਕੇਂਦਰ ਸਰਕਾਰ ਹਰ ਮੁਹਾਜ਼ ’ਤੇ ਅਸਫ਼ਲ ਕਰਾਰ
ਜਗਰਾਉਂ: ਇੱਥੇ ਕਿਸਾਨ ਮੋਰਚੇ ਦੇ 244ਵੇਂ ਦਿਨ ਅੱਜ ਮੋਦੀ ਸਰਕਾਰ ਖ਼ਿਲਾਫ਼ ਨਾਅਰੇ ਗੂੰਜੇ। ਰੇਲਵੇ ਪਾਰਕ ’ਚ ਮੀਂਹ ਦਾ ਪਾਣੀ ਭਰ ਜਾਣ ਕਰ ਕੇ ਕਿਸਾਨਾਂ ਨੇ ਰੇਲਵੇ ਸਟੇਸ਼ਨ ਦੇ ਸ਼ੈੱਡ ਹੇਠਾਂ ਮੁਜ਼ਾਹਰਾ ਕੀਤਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤ ਸਾਲ ਪੂਰੇ ਕਰ ਲਏ ਹਨ ਪਰ ਇਸ ਸਮੇਂ ਦੌਰਾਨ ਇਹ ਸਰਕਾਰ ਕਰੋਨਾ ਸਣੇ ਹਰ ਮੁਹਾਜ਼ ’ਤੇ ਨਾਕਾਮ ਸਾਬਤ ਹੋਈ ਹੈ। ਹੁਣ ਆਪਣੀ ਖੁੱਸੀ ਭੱਲ ਬਚਾਉਣ ਲਈ ਤਰਲੋਮੱਚੀ ਹੋ ਰਹੀ ਹੈ। ਇਸੇ ਲਈ ਆਰਐੱਸਐੱਸ ਅਤੇ ਭਾਜਪਾ ਦਾ ਆਈਟੀ ਸੈੱਲ ਬੇਤੁਕੀਆਂ ਦਲੀਲਾਂ ਰਾਹੀਂ ਲੋਕਾਂ ਨੂੰ ਭਰਮਾਉਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਤੇਲ ਦੀਆਂ ਕੀਮਤਾਂ ’ਤੇ ਹਾਕਮ ਧਿਰ ਦੀ ਆਲੋਚਨਾ ਕੀਤੀ। ਕਿਸਾਨ ਆਗੂਆਂ ਨੇ ਅੱਜ ਪਹਿਲੀ ਜੂਨ ਨੂੰ ਸ੍ਰੀ ਹਰਮਿੰਦਰ ਸਾਹਿਬ ’ਤੇ 1984 ਦੇ ਅਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ’ਤੇ ਇਸ ਹਮਲੇ ਦੀ ਨਿਖੇਧੀ ਕੀਤੀ। ਇਸ ਸਮੇਂ ਜਗਦੀਸ਼ ਸਿੰਘ ਤੇ ਹਰਭਜਨ ਸਿੰਘ ਦੌਧਰ ਨੇ ਦੱਸਿਆ ਕਿ ਭਲਕੇ ਦੋ ਜੂਨ ਨੂੰ ਲੁਧਿਆਣਾ ਜ਼ਿਲ੍ਹੇ ਤੋਂ ਕਿਸਾਨਾਂ-ਮਜ਼ਦੂਰਾਂ ਦਾ ਵੱਡਾ ਕਾਫ਼ਲਾ 10 ਵਜੇ ਮੁਲਾਂਪੁਰ ਹਵੇਲੀ ਹੋਟਲ ਲਾਗਿਓਂ ਸਿੰਘੂ ਬਾਰਡਰ ਲਈ ਕੂਚ ਕਰੇਗਾ।