ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਅਗਸਤ
ਮਾਛੀਵਾੜਾ ਦੇ ਭਾਜਪਾ ਨਾਲ ਸਬੰਧਤ ਸਾਬਕਾ ਕੌਂਸਲਰ ਅਸ਼ੋਕ ਸੂਦ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਕਿਸਾਨਾ ਦੇ ਹੱਕ ’ਚ ਬੀਜੇਪੀ ਨੂੰ ਅਲਵਿਦਾ ਆਖਣਾ ਬਹੁਤ ਸ਼ਲਾਘਾਯੋਗ ਫ਼ੈਸਲਾ ਹੈ ਕਿਉਂਕਿ ਅੱਜ ਜ਼ਰੂਰਤ ਹੈ ਸਾਨੂੰ ਸਭ ਨੂੰ ਪੰਜਾਬ ਦੇ ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਨੂੰ ਬਚਾਉਣ ਲਈ ਇਹ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਵਾਈਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਸੂਦ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀਬਾੜੀ ਕਾਲੇ ਕਾਨੂੰਨ ਬਣਾਏ ਹਨ, ਉਹ ਬੇਹੱਦ ਘਾਤਕ ਹਨ ਕਿਉਂਕਿ ਇਨ੍ਹਾਂ ਨਾਲ ਜਿੱਥੇ ਦੇਸ਼ ਦੀ ਕਿਸਾਨੀ ਤਬਾਹ ਹੋਵੇਗੀ, ਉੱਥੇ ਵੱਡੇ ਕਾਰਪੋਰੇਟ ਘਰਾਣੇ ਦੇ ਆਉਣ ਕਰਕੇ ਵਪਾਰੀਆਂ, ਮਜ਼ਦੂਰਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦਾ ਕਾਰੋਬਾਰ ਵੀ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੇ ਕੇਂਦਰ ਸਰਕਾਰ ਤੱਕ ਕਿਸਾਨਾਂ ਦੇ ਸਹੀ ਹਾਲਾਤ ਨਹੀਂ ਪਹੁੰਚਾਏ। ਹਾਲਤ ਇਹ ਹੈ ਕਿ ਲੋਕ ਭਾਜਪਾ ਆਗੂਆਂ ਨੂੰ ਮੂੰਹ ਤੱਕ ਨਹੀਂ ਲਗਾ ਰਹੇ।
ਸੂਦ ਫੜ ਸਕਦੇ ਨੇ ਕਿਸੇ ਪਾਰਟੀ ਦਾ ਪੱਲਾ
ਮਾਛੀਵਾੜਾ ਦੇ ਭਾਜਪਾ ਆਗੂ ਅਸ਼ੋਕ ਸੂਦ, ਜੋ 2 ਵਾਰ ਸ਼ਹਿਰ ਦੇ ਕੌਂਸਲਰ ਵੀ ਰਹੇ ਅਤੇ ਇਸ ਤੋਂ ਇਲਾਵਾ ਉਹ ਧਾਰਮਿਕ ਸੰਸਥਾਵਾਂ ਨਾਲ ਵੀ ਜੁੜੇ ਹੋਣ ਕਾਰਨ, ਉਨ੍ਹਾਂ ਦਾ ਚੰਗਾ ਪ੍ਰਭਾਵ ਹੈ। ਸਿਆਸੀ ਗਲਿਆਰਿਆਂ ’ਚ ਚਰਚਾ ਅਨੁਸਾਰ ਇਹ ਭਾਜਪਾ ਆਗੂ ਆਉਣ ਵਾਲੇ ਕੁਝ ਦਿਨਾਂ ’ਚ ਕਈ ਹੋਰ ਪਾਰਟੀ ਸਮਰਥਕਾਂ ਨਾਲ ਕਿਸੇ ਹੋਰ ਸਿਆਸੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਇਸ ਸਬੰਧੀ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਅਸ਼ੋਕ ਸੂਦ ਨੇ ਕਿਹਾ ਕਿ ਕਿਸਾਨੀ ਦੇ ਹਿੱਤਾਂ ਅਤੇ ਪਾਰਟੀ ਦੇ ਗਲਤ ਫ਼ੈਸਲਿਆਂ ਖਿਲਾਫ਼ ਉਹ ਜ਼ਰੂਰ ਆਵਾਜ਼ ਉਠਾਉਂਦੇ ਹਨ ਅਤੇ ਜਲਦ ਹੀ ਉਹ ਭਾਜਪਾ ਦੇ ਕਈ ਵਰਕਰਾਂ ਤੇ ਸਮਰਥਕਾਂ ਸਮੇਤ ਕਿਸੇ ਹੋਰ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਲੈ ਸਕਦੇ ਹਨ।