ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜਨਵਰੀ
ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ 20 ਦਿਨ ਲੰਘ ਚੁੱਕੇ ਹਨ ਤੇ ਕਾਂਗਰਸ ਪਾਰਟੀ ਦੇ ਵੱਲੋਂ ਸਨਅਤੀ ਸ਼ਹਿਰ ਦੀਆਂ 14 ਸੀਟਾਂ ’ਚੋਂ 13 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 14 ਵਿਧਾਨ ਸਭਾ ਇਲਾਕਿਆਂ ’ਚੋਂ 9 ਵਿਧਾਨ ਸਭਾ ਹਲਕਿਆਂ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਅਧੀਨ ਆਉਂਦੇ ਹਨ। ਜ਼ਿਕਰਯੋਗ ਹੈ ਕਿ 9 ਵਿਧਾਨ ਸਭਾ ਸੀਟਾਂ ਦਾ ਬੋਝ ਰਵਨੀਤ ਸਿੰਘ ਬਿੱਟੂ ’ਤੇ ਹੈ, ਪਰ ਇਸ ਦੇ ਬਾਵਜੂਦ ਉਹ ਬੀਤੇ 20 ਦਿਨ ਗਾਇਬ ਰਹੇ। ਸਨਅਤੀ ਸ਼ਹਿਰ ਦੇ ਉਮੀਦਵਾਰ ਇਕੱਲੇ ਹੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ’ਚ ਲੱਗੇ ਹਨ। ਸ਼ਹਿਰ ’ਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੁ ਦੇ ਨਾ ਰਹਿਣ ਦੀ ਵੀ ਕਾਫ਼ੀ ਚਰਚਾ ਛਿੜੀ ਰਹੀ। ਸ਼ਹਿਰ ’ਚ ਲੋਕ ਸਭਾ ਮੈਂਬਰ ਬਿੱਟੂ ਦੇ ਨਾ ਆਉਣ ਦੀ ਸ਼ਹਿਰ ’ਚ ਆਮ ਚਰਚਾ ਹੋਣ ਲੱਗੀ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕਾਂਗਰਸੀਆਂ ਨੇ ਵੀ ਅੰਦਰਖਾਤੇ ਇਤਰਾਜ਼ ਜਤਾਇਆ ਸੀ, ਪਰ ਉਸ ਦੇ ਬਾਵਜੂਦ ਵੀ ਬਿੱਟੂ ਨਹੀਂ ਪੁੱਜੇ। 20 ਦਿਨ ਬਾਅਦ ਆਖਰਕਾਰ ਲੁਧਿਆਣਾ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਲੋਕ ਸਭਾ ਹਲਕੇ ਦੀ ਯਾਦ ਆਈ ਤੇ ਉਹ ਗਣਤੰਤਰ ਦਿਵਸ ਦੀ ਰਾਤ ਨੂੰ ਸ਼ਹਿਰ ’ਚ ਪੁੱਜ ਗਏ। ਉਨ੍ਹਾਂ ਆਉਂਦੇ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਇਲਾਕੇ ’ਚ ਚੋਣ ਪ੍ਰਚਾਰ ਸ਼ੁਰੂ ਕੀਤਾ। ਹੁਣ ਹਰ ਉਮੀਦਵਾਰ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਬੁਲਾ ਕੇ ਚੋਣ ਪ੍ਰਚਾਰ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਹੈ।