ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੂਨ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਨੇ ਵਿਸ਼ਵ ਸਾਈਕਲ ਦਿਵਸ ਦੇ ਸਬੰਧ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਗਾਇਕ-ਲੇਖਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੀ ਯਾਦ ਵਿੱਚ ਸਾਈਕਲ ਮਾਰਚ ਕੱਢਿਆ। ਇਸ ਮਾਰਚ ਵਿੱਚ ਤਕਰੀਬਨ 100 ਦੇ ਕਰੀਬ ਸਾਈਕਲ ਸਵਾਰਾਂ ਨੇ 15 ਕਿਲੋਮੀਟਰ ਸਾਈਕਲਿੰਗ ਕੀਤੀ।
ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਜੋ ਕਿ ਜੀਐਨਈ ਦੇ ਇਲੈਕਟਰੀਕਲ ਵਿਭਾਗ ਦਾ ਸਾਬਕਾ ਵਿਦਿਆਰਥੀ ਸੀ, ਨੂੰ ਮਾਰਚ ਦੌਰਾਨ ਵਿਦਿਆਰਥੀਆਂ ਵੱਲੋਂ ਯਾਦ ਕਰਦੇ ਹੋਏ ‘ਲਿਵ ਫੌਰਐਵਰ ਸਿੱਧੂ’ ਦੇ ਨਾਅਰੇ ਲਗਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਇਹ ਮਾਰਚ ਨਾ ਰੁਕਣ ਵਾਲੇ, ਨਾ ਥੱਕਣ ਵਾਲੇ, ਨਾ ਹਾਰ ਮੰਨਣ ਵਾਲੇ ਅਤੇ ਚੜ੍ਹਦੀ ਕਲਾ ਦੇ ਸੁਭਾਅ ਵਾਲੇ ਪੰਜਾਬੀ ਸਿੰਗਰ ਨੂੰ ਸਮਰਪਿਤ ਕੀਤਾ ਗਿਆ ਹੈ। ਮਾਰਚ ਵਿੱਚ ਕਾਲਜ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਅਤੇ ਹੋਰ ਲੁਧਿਆਣਾ ਦੇ ਸਾਈਕਲਿਸਟਾਂ ਵੱਲੋਂ ਹਿੱਸਾ ਲੈ ਕੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਈਵੈਂਟ ਨੂੰ ਕਰਵਾਉਣ ਦੀ ਪਹਿਲ ਬਹੁਪੱਖੀ ਵਿਕਾਸ ਕੇਂਦਰ (ਸੀਐੱਮਐੱਲ) ਜੀਐਨਡੀਈਸੀ ਵੱਲੋਂ ਕੀਤੀ ਗਈ ਅਤੇ ਮਾਰਚ ਦਾ ਸਹਿਯੋਗ ਡੇਕੈਥਲੋਨ, ਓਰਿਕਾ ਅਤੇ ਫੋਰਟਿਸ ਹਸਪਤਾਲ ਵਲੋਂ ਕੀਤਾ ਗਿਆ।
ਸਟੂਡੈਂਟ ਕੁਆਰਡੀਨੇਟਰ ਪ੍ਰੋ. ਸ਼ਿਵਮਨਮੀਤ ਸਿੰਘ, ਦੀਪਕ ਸ਼ਰਮਾ ਅਤੇ ਫਿੱਟ ਇੰਡੀਆ ਅੰਬੈਸਡਰ ਪੰਜਾਬ ਜਪਨਜੋਤ ਸਿੰਘ ਨੇ ਈਵੈਂਟ ਵਿੱਚ ਭਾਗ ਲੈਣ ਆਏ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।