ਲੁਧਿਆਣਾ: ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਦਿਆਲ ਦੀ ਅਗਵਾਈ ਹੇਠ ਬੀਬੀਆਂ ਦੇ ਜਥੇ ਵੱਲੋਂ ਅਕਾਲੀ-ਬਸਪਾ ਦੀ ਚੋਣ ਮੁਹਿੰਮ ਦੌਰਾਨ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਗਿਆ ਹੈ। ਬੀਬੀ ਦਿਆਲ ਵੱਲੋਂ ਹਲਕਾ ਪੱਛਮੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿੱਚ ਪੱਖੋਵਾਲ ਰੋਡ, ਵਿਕਾਸ ਨਗਰ, ਵਿਸ਼ਾਲ ਨਗਰ ਅਤੇ ਜਵੱਦੀ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚ ਇਲਾਕਾ ਵਾਸੀਆਂ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਬੀਬੀ ਦਿਆਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਦਾ ਗਠਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਹਮੇਸ਼ਾਂ ਹੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਹੈ। ਇਸ ਲਈ ਹੁਣ ਵੀ ਲੋਕਾਂ ਨੂੰ ਅਕਾਲੀ-ਬਸਪਾ ਗਠਜੋੜ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਗਾ ਦੇਣੀ ਚਾਹੀਦੀ ਹੈ। -ਨਿੱਜੀ ਪੱਤਰ ਪ੍ਰੇਰਕ