ਸਤਵਿੰਦਰ ਬਸਰਾ
ਲੁਧਿਆਣਾ, 5 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਲੁਧਿਆਣਾ ਦੇ 14 ਬਲਾਕਾਂ ਵਿੱਚ ਅੱਜ ਪੰਜਵੇਂ ਦਿਨ 40 ਤੋਂ 50 ਸਾਲ ਅਤੇ 50 ਸਾਲ ਤੋਂ ਉਪਰ ਉਮਰ ਵਰਗ ਦੇ ਅਥਲੈਟਿਕ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚੋਂ 50 ਸਾਲ ਉਮਰ ਵਰਗ ਦੀ 100 ਮੀਟਰ ਦੌੜ ’ਚੋਂ ਭੁਪਿੰਦਰ ਸਿੰਘ ਜੇਤੂ ਰਿਹਾ।
ਪੰਜਵੇਂ ਦਿਨ ਦੇ ਖੇਡ ਮੁਕਾਬਲਿਆਂ ਵਿੱਚ 350 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਜਾਾਣਕਾਰੀ ਅਨੁਸਾਰ ਲੁਧਿਆਣਾ-2 ਬਲਾਕ ’ਚ 41 ਤੋਂ 50 ਸਾਲ ਉਮਰ ਵਰਗ ’ਚ ਔਰਤਾਂ ਦੀ 100 ਮੀਟਰ ਦੌੜ ’ਚੋਂ ਹਰਪ੍ਰੀਤ ਕੌਰ ਪਹਿਲੇ, ਸਵਾਤੀ ਗੁਪਤਾ ਦੂਜੇ ਅਤੇ ਸਤਵਿੰਦਰ ਕੌਰ ਤੀਜੇ ਸਥਾਨ ’ਤੇ ਰਹੀ। ਪੁਰਸ਼ਾਂ ’ਚੋਂ ਗੁਰਦੀਪ ਸਿੰਘ ਪਹਿਲੇ, ਸੁਖਵਿੰਦਰ ਸਿੰਘ ਦੂਜੇ ਅਤੇ ਮਨਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਪੁਰਸ਼ਾਂ 400 ਮੀਟਰ ਦੌੜ ’ਚੋਂ ਦਲੀਪ ਕੁਮਾਰ ਪਹਿਲੇ ਅਤੇ ਗੁਰਜੀਤ ਸਿੰਘ ਦੂਜੇ ਸਥਾਨ ’ਤੇ ਰਿਹਾ। ਇਸ ਬਲਾਕ ’ਚ 50 ਸਾਲ ਤੋਂ ਉਪਰ ਉਮਰ ਵਰਗ ਦੀ 100 ਮੀਟਰ ਦੌੜ ਮੱਖਣ ਸਿੰਘ ਨੇ ਜਿੱਤੀ ਜਦਕਿ ਸਿਕੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਕ੍ਰਮਵਾਰ ਦੂਜੇ ਅਤੇ ਤੀਜੇ ਥਾਂ ਰਹੇ। ਔਰਤਾਂ ਦੀ 100 ਮੀਟਰ ਦੌੜ ਜਸਵਿੰਦਰ ਕੌਰ ਨੇ ਜਿੱਤੀ ਜਦਕਿ ਪਰਮਜੀਤ ਕੌਰ ਦੂਜੇ ਸਥਾਨ ’ਤੇ ਆਈ। ਮਿਊਂਸੀਪਲ ਕਾਰਪੋਰੇਸ਼ਨ ਅਧੀਨ ਆਉਂਦੇ ਬਲਾਕ ’ਚ 50 ਸਾਲ ਤੋਂ ਉਪਰ ਉਮਰ ਵਰਗ ਦੀ 100 ਮੀਟਰ ਦੌੜ ’ਚੋਂ ਭੁਪਿੰਦਰ ਸਿੰਘ ਜੇਤੂ ਰਿਹਾ ਜਦਕਿ ਰਣਜੀਤ ਕੁਮਾਰ ਅਤੇ ਜਗਜੀਤ ਸਿੰਘ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਮਿਲਿਆ। ਜਗਰਾਉਂ ਬਲਾਕ ਵਿੱਚ 40 ਤੋਂ 50 ਸਾਲ ਉਮਰ ਵਰਗ ਦੀ 100 ਮੀਟਰ ਦੌੜ ’ਚੋਂ ਜਸਵੰਤ ਸਿੰਘ, ਜਤਿੰਦਰ ਸਿੰਘ ਅਤੇ ਅਵਤਾਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਏ। ਇਸੇ ਤਰ੍ਹਾਂ ਰਾਏਕੋਟ ਬਲਾਕ ’ਚ 40 ਤੋਂ 50 ਸਾਲ ਉਮਰ ਵਰਗ ’ਚ ਔਰਤਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਅਮਨਦੀਪ ਕੌਰ, ਪਰਮਿੰਦਰ ਕੌਰ ਅਤੇ ਕਿਰਨਜੀਤ ਕੌਰ ਜਦਕਿ ਪੁਰਸ਼ਾਂ ਵਿੱਚੋਂ ਰੇਸ਼ਮ ਸਿੰਘ, ਉਪਕਾਰ ਸਿੰਘ ਅਤੇ ਜਤਿੰਦਰ ਪਾਲ ਸਿੰਘ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
50 ਸਾਲ ਤੋਂ ਵੱਧ ਉਮਰ ਵਰਗ ਦੇ ਡਿਸਕਸ ਥਰੋਅ ਮੁਕਾਬਲੇ ’ਚੋਂ ਚਰਨਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖੰਨਾ ਬਲਾਕ ਦੇ ਅਥਲੈਟਿਕ ’ਚ 40 ਤੋਂ 50 ਸਾਲ ਉਮਰ ਵਰਗ ਦੀ 200 ਮੀਟਰ ਦੌੜ ਬਲਦੇਵ ਸਿੰਘ ਨੇ, 400 ਮੀਟਰ ਦੌੜ ਕੁਲਦੀਪ ਸਿੰਘ, 800 ਮੀਟਰ ਦੌੜ ਸੁਖਵਿੰਦਰ ਸਿੰਘ ਅਤੇ 1500 ਮੀਟਰ ਦੌੜ ਸੁਰਿੰਦਰ ਕੁਮਾਰ ਨੇ ਜਿੱਤੀ। 50 ਸਾਲ ਤੋਂ ਉਪਰ ਵਰਗ ਦੀ 100 ਮੀਟਰ ਦੌੜ ਸੁਖਵਿੰਦਰ ਸਿੰਘ ਨੇ, 400 ਮੀਟਰ ਦੌੜ ਸੁਖਵਿੰਦਰਪਾਲ ਸਿੰਘ ਕੁਲਾਰ ਨੇ, 800 ਮੀਟਰ ਦੌੜ ਮਦਨ ਲਾਲ ਨੇ ਜਦਕਿ 3000 ਮੀਟਰ ਦੌੜ ਰਣਬੀਰ ਸਿੰਘ ਨੇ ਜਿੱਤੀ।