ਦੇਵਿੰਦਰ ਸਿੰਘ ਜੱਗੀ
ਪਾਇਲ, 30 ਅਪਰੈਲ
ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿੱਚ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਮੁੱਖ ਰੱਖਦਿਆਂ ਪ੍ਰਗਤੀ ਕਲਾ ਕੇਂਦਰ ਯੂਨਿਟ ਖੰਨਾ ਵੱਲੋਂ ਕੋਰੀਓਗ੍ਰਾਫੀ, ਨਾਟਕ ਉਪੇਰਾ, ‘ਮੇਰਾ ਭੀਮ ਮਹਾਨ’ ਅਤੇ ‘ਗੁਰੂ ਜੀ ਬੇਗਮਪੁਰਾ ਅਜੇ ਤੇਰਾ ਨਹੀਂ ਵਸਿਆ’ ਪੇਸ਼ ਕੀਤਾ ਗਿਆ, ਜਿਸਨੇ ਸਰੋਤਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ, ਟੀਮ ਵੱਲੋਂ ਪੇਸ਼ ਕੀਤੀ ਵਧੀਆ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਸਮਾਗਮ ਦੀ ਸ਼ਮਾ ਰੌਸ਼ਨ ਡਾ. ਸ਼ਰਮਾ ਵੱਲੋਂ ਕੀਤੀ ਗਈ, ਇਸ ਦੇ ਨਾਲ ਹੀ ਪੰਥਕ ਕਵੀਸ਼ਰੀ ਜੱਥੇ ਵੱਲੋਂ ਵੀ ਆਪਣੀਆਂ ਵਿਚਾਰਾਂ ਪੇਸ਼ ਕੀਤੀਆਂ ਗਈਆਂ। ਉੱਘੇ ਸਮਾਜ ਸੇਵੀ ਅਤੇ ਕਲੱਬ ਦੇ ਪ੍ਰਧਾਨ ਕੇਵਲ ਸੇਖੋਂ ਅਤੇ ਠੇਕੇਦਾਰ ਹਰਮਿੰਦਰ ਸਿੰਘ ਛਿੰਦਾ ਵੱਲੋਂ ਲਾਇਬ੍ਰੇਰੀ ਦਾ ਉਦਘਾਟਨ ਸਾਂਝੇ ਤੌਰ ’ਤੇ ਕੀਤਾ ਗਿਆ।