ਦੇਵਿੰੰਦਰ ਸਿੰਘ ਜੱਗੀ
ਪਾਇਲ, 12 ਜੂਨ
ਸਥਾਨਕ ਹਲਕੇ ਦਾ ਪਿੰਡ ਭੀਖੀ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਪਿੰਡ ਬਣ ਗਿਆ ਹੈ ਜਿਸ ਵਿਚ ਅੱਜ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ 100 ਫੀ਼ਸਦ ਕੋਵਿਡ ਟੀਕਾਕਰਨ ਕੀਤਾ ਗਿਆ। ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਪਿੰਡ ਭੀਖੀ ਦੀ ਆਬਾਦੀ 1700 ਹੈ, ਜਿਨ੍ਹਾਂ ਵਿੱਚੋਂ 947 ਵਾਸੀ 18 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਕਿਹਾ ਕਿ 18 ਗਰਭਵਤੀ ਮਹਿਲਾਵਾਂ ਨੂੰ ਛੱਡ ਕੇ ਅਤੇ ਸਿਹਤ ਦੇ ਮੁੱਦਿਆਂ ਕਾਰਨ ਟੀਕਾਕਰਨ ਲਈ ਕੁਝ ਅਯੋਗ ਹੋਣ ਦੇ ਬਾਵਜੂਦ ਅੱਜ ਸਾਰੇ 905 ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਇਸ ਪਿੰਡ ਦੇ ਸਾਰੇ ਯੋਗ ਵਸਨੀਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ। ਇਸ ਸਬੰਧੀ ਪਿੰਡ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਲਖਵੀਰ ਸਿੰਘ ਲੱਖਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਐੱਸਡੀਐੱਮਮਨਕੰਵਲ ਸਿੰਘ ਚਾਹਲ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਪੰਚਾਇਤ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਲਈ ਯੋਗ ਨਾਗਰਿਕ ਸੰਸਥਾਵਾਂ ਵਿਚ ਮੋਹਰੀ ਬਣ ਗਈ ਹੈ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਐੱਸਡੀਐਮ ਮਨਕੰਵਲ ਸਿੰਘ ਚਾਹਲ ਨੇ ਕਿਹਾ ਕਿ ਇਹ ਟੀਚਾ ਤਹਿਸੀਲਦਾਰ ਵਿਕਾਸਦੀਪ ਸਿੰਘ ਅਤੇ ਬੀਡੀਪੀਓ ਗੁਰਵਿੰਦਰ ਕੌਰ ਤੇ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਪ੍ਰਾਪਤ ਹੋਇਆ ਹੈ।