ਸੰਤੋਖ ਗਿੱਲ
ਗੁਰੂਸਰ ਸੁਧਾਰ, 8 ਜੁਲਾਈ
ਪਿੰਡ ਕੋਟ ਆਗਾ ਵਿੱਚ ਭਾਰਤਮਾਲਾ ਪ੍ਰਾਜੈਕਟ ਅਧੀਨ ਸੜਕਾਂ ਲਈ ਜ਼ਮੀਨਾਂ ਜਬਰੀ ਗ੍ਰਹਿਣ ਕਰਨ ਖ਼ਿਲਾਫ਼ ਧਰਨਾ ਅੱਜ 13ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਸ਼ੇਰ ਸਿੰਘ ਮਹੋਲੀ, ਹਰਬੰਸ ਸਿੰਘ ਮਾਣਕੀ, ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ ਅਤੇ ਸਰਪੰਚ ਜਸਵੰਤ ਸਿੰਘ ਭੱਟੀਆਂ ਢਾਹਾ ਨੇ ਕਿਹਾ ਕਿ ਜਦੋਂ ਤੱਕ ਭੂਮੀ ਗ੍ਰਹਿਣ, ਮੁੜ ਵਸੇਬਾ ਅਤੇ ਪੁਨਰਵਾਸ ਕਾਨੂੰਨ 2013 ਤਹਿਤ ਪਾਰਦਰਸ਼ੀ ਢੰਗ ਨਾਲ ਉਚਿੱਤ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਇੱਕ ਇੰਚ ਜ਼ਮੀਨ ਨਹੀਂ ਦਿੱਤੀ ਜਾਵੇਗੀ। ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਚਰਨਜੀਤ ਸਿੰਘ ਫੱਲੇਵਾਲ, ਕੁਲਦੀਪ ਸਿੰਘ ਗੁੱਜਰਵਾਲ, ਪਰਮਜੀਤ ਸਿੰਘ ਕੋਟ ਆਗਾ, ਮੇਜਰ ਸਿੰਘ ਜੀਰਖ ਅਤੇ ਬੀਬੀ ਹਰਪ੍ਰੀਤ ਕੌਰ ਗੁੱਜਰਵਾਲ ਨੇ ਕਿਹਾ ਕਿ ਸਰਕਾਰ ਆਪਣੇ ਬਣਾਏ ਕਾਨੂੰਨਾਂ ਦੀ ਪਾਲਣਾ ਕਰਨ ਤੋਂ ਹੀ ਇਨਕਾਰੀ ਹੈ। ਉਨ੍ਹਾਂ ਸੰਘਰਸ਼ ਹੋਰ ਭਖ਼ਾਉਣ ਦਾ ਸੱਦਾ ਦਿੱਤਾ। ਇਸ ਮੌਕੇ ਗੀਤਕਾਰ ਰਾਮ ਸਿੰਘ ਨੇ ਇਨਕਲਾਬੀ ਗੀਤ ਗਾ ਕੇ ਹੋਰ ਜੋਸ਼ ਭਰਿਆ।