ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 16 ਸਤੰਬਰ
ਭਾਰਤ ਮਾਲਾ ਪ੍ਰਾਜੈਕਟ ਖ਼ਿਲਾਫ਼ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਚੱਲ ਰਹੇ ਪੱਕੇ ਮੋਰਚੇ ਦੇ ਨੇੜੇ ਹੀ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਮੂ-ਕਟੜਾ ਸ਼ਾਹ ਰਾਹ ਵਾਸਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਲਈ ਹੱਲਾ ਬੋਲਿਆ ਗਿਆ, ਪਰ ਚੌਕਸ ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਧਰਨਾ ਲਾ ਕੇ ਕਾਲਖ ਪਿੰਡ ਦੇ ਚੌਕ ਵਿਚ ਰਸਤਾ ਰੋਕ ਲਿਆ ਅਤੇ ਪੂਰੇ ਲਾਮ-ਲਸ਼ਕਰ ਸਮੇਤ ਪੁੱਜੇ ਪੁਲੀਸ ਅਧਿਕਾਰੀਆਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਸੰਯੁਕਤ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ, ਰਾਜੇਸ਼ ਸ਼ਰਮਾ ਸਹਾਇਕ ਪੁਲਿਸ ਕਮਿਸ਼ਨਰ ਸਪੈਸ਼ਲ ਬਰਾਂਚ ਅਤੇ ਸੁਮਿਤ ਸੂਦ ਸਹਾਇਕ ਪੁਲਿਸ ਕਮਿਸ਼ਨਰ (ਜਾਂਚ) ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਭਾਰੀ ਮਸ਼ੀਨਰੀ ਸਮੇਤ ਪਹੁੰਚੇ ਸਨ, ਪਰ ਕਈ ਘੰਟੇ ਦੀ ਜੱਦੋ-ਜਹਿਦ ਬਾਅਦ ਉਨ੍ਹਾਂ ਨੂੰ ਬਿਨਾਂ ਕਬਜ਼ਾ ਲਏ ਵਾਪਸ ਚਲੇ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁੱਜਰਵਾਲ, ਯੁਵਰਾਜ ਸਿੰਘ ਘੁਡਾਣੀ, ਲਖਵਿੰਦਰ ਸਿੰਘ ਉਕਸੀ ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਆਗੂਆਂ ਸਮੇਤ ਹੋਰਨਾਂ ਨੇ ਕਾਲਖ ਚੌਕ ਵਿਚ ਮੋਰਚਾ ਮੱਲੀ ਰੱਖਿਆ। ਭਾਰੀ ਗਿਣਤੀ ਕਿਸਾਨ ਬੀਬੀਆਂ ਵੀ ਮੋਰਚੇ ’ਤੇ ਡਟੀਆਂ ਰਹੀਆਂ ਅਤੇ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਢੁੱਕਵਾਂ ਮੁਆਵਜ਼ਾ ਸਾਰੇ ਕਿਸਾਨਾਂ-ਮਜ਼ਦੂਰਾਂ ਨੂੰ ਨਹੀਂ ਮਿਲਦਾ ਉਸ ਸਮੇਂ ਤੱਕ ਪ੍ਰਸ਼ਾਸਨ ਨੂੰ ਜ਼ਮੀਨਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਅੰਦੋਲਨਕਾਰੀ ਪੂਰੀ ਚੌਕਸੀ ਨਾਲ ਦਿਨ-ਰਾਤ ਪਹਿਰਾ ਦੇ ਰਹੇ ਹਨ ਅਤੇ ਪਿੰਡਾਂ ਵਿਚ ਵੀ ਜਥੇ ਹਰ ਸਮੇਂ ਤਿਆਰ ਰੱਖੇ ਜਾ ਰਹੇ ਹਨ।