ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 20 ਅਗਸਤ
ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ-ਜੰਮੂ-ਕੱਟੜਾ ਕੌਮੀ ਮਾਰਗ ਲਈ ਜ਼ਮੀਨਾਂ ਗ੍ਰਹਿਣ ਕਰਨ ਦੇ ਮਾਮਲੇ ਵਿੱਚ ਅੱਜ ਹੰਬੜਾਂ ਇਲਾਕੇ ਦੇ ਕਈ ਪਿੰਡਾਂ ਵਿੱਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਇਸ ਸਬੰਧੀ ਐੱਸਡੀਐੱਮ (ਪੱਛਮੀ) ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਹੰਬੜਾਂ ਇਲਾਕੇ ਵਿੱਚ ਕਰੀਬ ਇੱਕ ਕਿੱਲੋਮੀਟਰ ਰਕਬੇ ਦੀ ਸੜਕ ਵਾਲੀ ਜ਼ਮੀਨ ’ਤੇ ਕਬਜ਼ਾ ਲੈਣ ਵਿਚ ਪ੍ਰਸ਼ਾਸਨ ਕਾਮਯਾਬ ਰਿਹਾ ਹੈ, ਜਦਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਹੋਰ ਜਥੇਬੰਦੀਆਂ ਦੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਿਸੇ ਵੀ ਅਜਿਹੇ ਕਿਸਾਨ ਦੀ ਜ਼ਮੀਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਨ੍ਹਾਂ ਮੁਆਵਜ਼ੇ ਵਾਲੇ ਚੈੱਕ ਪ੍ਰਵਾਨ ਨਹੀਂ ਕੀਤੇ।
ਇਸ ਮੌਕੇ ਦਾਖਾ ਦੇ ਥਾਣਾ ਮੁਖੀ ਇੰਸਪੈਕਟਰ ਅਜੀਤਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਕਿਧਰੇ ਵੀ ਟਕਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਮਲੂਕ ਸਿੰਘ ਦੀ ਅਗਵਾਈ ਹੇਠ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਖਾਲੀ ਪਈ ਜ਼ਮੀਨ ’ਤੇ ਕਬਜ਼ਾ ਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਐੱਸਡੀਐੱਮ (ਪੱਛਮੀ) ਕੁਲਪ੍ਰੀਤ ਸਿੰਘ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਜਿਹੜੇ ਕਿਸਾਨਾਂ ਨੇ ਮੁਆਵਜ਼ੇ ਦੇ ਚੈੱਕ ਪ੍ਰਵਾਨ ਨਹੀਂ ਕੀਤੇ ਹਨ, ਉਨ੍ਹਾਂ ਦੀ ਜ਼ਮੀਨ ਵਿੱਚ ਪ੍ਰਸ਼ਾਸਨ ਦਖ਼ਲ ਨਹੀਂ ਦੇਵੇਗਾ। ਪਿੰਡ ਭੱਟੀਆਂ ਦੇ ਕੁਝ ਕਿਸਾਨਾਂ ਨੇ ਕਿਹਾ ਕਿ ਖੇਤਾਂ ਦੇ ਕਈ ਮਾਲਕ ਵਿਦੇਸ਼ਾਂ ’ਚ ਰਹਿੰਦੇ ਹਨ ਤੇ ਉਨ੍ਹਾਂ ਨੇ ਚੈੱਕ ਪ੍ਰਵਾਨ ਕਰ ਲਏ ਹਨ, ਪਰ ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨ ਠੇਕੇ ਦੀ ਰਕਮ ਵੀ ਅਗਾਊਂ ਦੇ ਚੁੱਕੇ ਹਨ ਤੇ ਹੁਣ ਝੋਨਾ ਪੱਕਣ ਨੇੜੇ ਹੈ।
ਕੋਟ ਆਗਾ ਵਿੱਚ ਚੱਲ ਰਿਹਾ ਪੱਕਾ ਮੋਰਚਾ ਜਾਰੀ
ਗੁਰੂਸਰ ਸੁਧਾਰ: ਭਾਕਿਯੂ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਪੱਖੋਵਾਲ ਬਲਾਕ ਦੇ ਪਿੰਡ ਕੋਟ ਆਗਾ ਵਿੱਚ ਚੱਲ ਰਿਹਾ ਮੋਰਚਾ ਜਾਰੀ ਰਿਹਾ। ਹਾਲਾਂ ਕਿ ਹੰਬੜਾਂ ਇਲਾਕੇ ਵਿੱਚ ਪ੍ਰਸ਼ਾਸਨ ਅਤੇ ਕੌਮੀ ਸ਼ਾਹ ਰਾਹ ਅਥਾਰਿਟੀ ਦੇ ਅਧਿਕਾਰੀਆਂ ਵੱਲੋਂ ਜਬਰੀ ਜ਼ਮੀਨਾਂ ਉੱਪਰ ਕਬਜ਼ਾ ਲੈਣ ਦੀ ਖ਼ਬਰ ਮਿਲਦੇ ਸਾਰ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਨੇ ਉੱਧਰ ਵਹੀਰਾਂ-ਘੱਤ ਦਿੱਤੀਆਂ, ਪਰ ਵੱਡੀ ਗਿਣਤੀ ਲੋਕਾਂ ਨੇ ਮੋਰਚੇ ਵਿੱਚ ਵੀ ਆਪਣੀ ਹਾਜ਼ਰੀ ਭਰੀ। ਕਿਸਾਨ ਆਗੂ ਚਰਨਜੀਤ ਸਿੰਘ ਫੱਲੇਵਾਲ, ਪਰਮਜੀਤ ਸਿੰਘ ਕੋਟ ਆਗਾ, ਜਸਵੀਰ ਸਿੰਘ ਕੋਟ ਆਗਾ, ਸੁਖਦੇਵ ਸਿੰਘ ਰਤਨਗੜ੍ਹ ਅਤੇ ਹਰਪ੍ਰੀਤ ਕੌਰ ਗੁੱਜਰਵਾਲ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੁੱਟੀ ਦੇ ਬਾਵਜੂਦ ਅੱਜ ਅਧਿਕਾਰੀਆਂ ਵੱਲੋਂ ਜ਼ਮੀਨਾਂ ’ਤੇ ਕਬਜ਼ੇ ਕਰਨ ਲਈ ਜਾਣਾ ਉਨ੍ਹਾਂ ਦੀ ਨੀਯਤ ਵਿੱਚ ਖੋਟ ਦਾ ਪ੍ਰਤੀਕ ਹੈ। ਕਿਸਾਨ ਆਗੂ ਅਮਰਜੀਤ ਕੌਰ ਗੁੱਜਰਵਾਲ, ਰਣਜੀਤ ਕੌਰ ਕੋਟ ਆਗਾ, ਮਨਜੀਤ ਸਿੰਘ ਬੁਢੇਲ, ਜਸਦੀਪ ਸਿੰਘ ਜੱਸੋਵਾਲ ਅਤੇ ਬਲਵਿੰਦਰ ਸਿੰਘ ਨਾਰੰਗਵਾਲ ਨੇ ਕਿਹਾ ਕਿ ਜਦੋਂ ਲਖੀਮਪੁਰ-ਖੀਰੀ ਵਿੱਚ ਲੜੀਵਾਰ ਧਰਨਾ ਚੱਲ ਰਿਹਾ ਹੈ ਤਾਂ ਉਸ ਦਾ ਲਾਹਾ ਖੱਟ ਕੇ ਸੂਬਾ ਸਰਕਾਰ ਦੇ ਅਧਿਕਾਰੀ ਜਬਰੀ ਕਬਜ਼ਾ ਲੈਣ ਨਿਕਲੇ ਹਨ, ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਵੇਗੀ।