ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 23 ਅਗਸਤ
ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਪਿੰਡ ਕੋਟ ਆਗਾ ਵਿਚ ਚੱਲ ਰਿਹਾ ਪੱਕਾ ਮੋਰਚਾ 59ਵੇਂ ਦਿਨ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨਾਕਾਰੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਯੋਗ ਮੁਆਵਜ਼ਾ ਲਏ ਬਿਨਾਂ ਕੰਪਨੀਆਂ ਅਤੇ ਸਰਕਾਰਾਂ ਨੂੰ ਇੱਕ ਇੰਚ ਵੀ ਜ਼ਮੀਨ ਨਾ ਦੇਣ ਦਾ ਅਹਿਦ ਲਿਆ। ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਕਲਾਂ, ਕੁਲਦੀਪ ਸਿੰਘ ਗੁੱਜਰਵਾਲ, ਹਰਪ੍ਰੀਤ ਕੌਰ, ਅਮਰਜੀਤ ਕੌਰ ਗੁੱਜਰਵਾਲ, ਸੁਖਵਿੰਦਰ ਕੌਰ ਨਾਰੰਗਵਾਲ ਅਤੇ ਸੁਰਿੰਦਰ ਕੌਰ ਚੀਮਾ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੰਘਰਸ਼ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ।
ਕਿਸਾਨ ਆਗੂ ਪਰਮਜੀਤ ਸਿੰਘ ਕੋਟ ਆਗਾ, ਸੁਖਵਿੰਦਰ ਸਿੰਘ ਖੰਡੂਰ, ਸ਼ਿੰਗਾਰਾ ਸਿੰਘ ਬੀਹਲਾ, ਗੁਰਿੰਦਰ ਸਿੰਘ ਜੁੜਾਹਾਂ ਅਤੇ ਜਸਵੀਰ ਸਿੰਘ ਕੋਟ ਆਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਮੀਨਾਂ ਉੱਪਰ ਕਬਜ਼ਿਆਂ ਬਾਰੇ ਕਿਸਾਨ ਆਗੂਆਂ ਨਾਲ ਮੁੜ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਹੈ। ਪਿੰਡ ਸਹਿਜੋ ਮਾਜਰਾ ਦੀ ਸੰਗਤ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ।