ਸੰਤੋਖ ਸਿੰਘ ਗਿੱਲ
ਗੁਰੂਸਰ ਸੁਧਾਰ, 26 ਅਗਸਤ
ਭਾਰਤ ਮਾਲਾ ਪ੍ਰਾਜੈਕਟ ਤਹਿਤ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਜਬਰੀ ਗ੍ਰਹਿਣ ਕਰਨ ਵਿਰੁੱਧ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਵੱਲੋਂ ਜਾਰੀ ਪੱਕਾ ਮੋਰਚਾ 62ਵੇਂ ਦਿਨ ਪੂਰੇ ਜੋਸ਼ੋ-ਖਰੋਸ਼ ਨਾਲ ਚੱਲ ਰਿਹਾ। ਕਿਸਾਨ ਆਗੂ ਬਲਦੇਵ ਸਿੰਘ ਵੜੈਚ, ਕੁਲਦੀਪ ਸਿੰਘ ਗੁੱਜਰਵਾਲ, ਨੌਜਵਾਨ ਆਗੂ ਯੁਵਰਾਜ ਘੁਡਾਣੀ, ਜਸਵੀਰ ਸਿੰਘ ਕੋਟ ਆਗਾ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਸਾਮਰਾਜ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਲੰਮੇ ਅਤੇ ਖਾੜਕੂ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਲੰਬੇ ਸੰਘਰਸ਼ ਦੀ ਤਿਆਰੀ ਲਈ ਜਥੇਬੰਦੀ ਵੱਲੋਂ ਪੱਕੇ ਮੋਰਚੇ ਲਈ ਆਪਣਾ ਟੈਂਟ ਬਣਾਉਣ ਲਈ ਅਪੀਲ ਕੀਤੀ ਗਈ ਤਾਂ ਮੌਕੇ ’ਤੇ ਹੀ 50 ਹਜ਼ਾਰ ਰੁਪਏ ਦੀ ਸਹਾਇਤਾ ਇਕੱਠੀ ਹੋ ਗਈ। ਬਲਾਕ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਨੋਹਰ ਸਿੰਘ ਮੋਨੀ ਕਲਾਹੜ, ਭਜਨ ਸਿੰਘ ਸਿਆੜ, ਚਰਨਜੀਤ ਸਿੰਘ ਫੱਲੇਵਾਲ, ਦਰਸ਼ਨ ਸਿੰਘ ਫੱਲੇਵਾਲ ਅਤੇ ਪਰਮਜੀਤ ਸਿੰਘ ਕੋਟ ਆਗਾ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਵੱਲੋਂ ਐਕਸੀਅਨ ਨੂੰ ਪੱਤਰ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਐਕਸੀਅਨ ਦੋਰਾਹਾ ਰਾਜਿੰਦਰ ਸਿੰਘ ਨੂੰ ਬਿਜਲੀ ਦੇ ਸ਼ਾਰਟ ਸਰਕਟ ਨਾਲ ਡੇਢ ਸਾਲ ਪਹਿਲਾਂ ਕਣਕ ਦੀ ਖੜੀ ਫ਼ਸਲ ਸੜ ਗਈ ਸੀ ਦਾ ਮੁਆਵਜ਼ਾ ਨਾ ਮਿਲਣ ਸਬੰਧੀ ਯਾਦ ਪੱਤਰ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਸਵੰਤ ਸਿੰਘ ਗਿਦੜੀ, ਕਮਲਜੀਤ ਸਿੰਘ ਤੇ ਜਗਤਾਰ ਸਿੰਘ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ। ਐਕਸੀਅਨ ਨੇ ਕਿਹਾ ਕਿ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਗਲੇ ਹਫ਼ਤੇ ਤੱਕ ਇਹ ਮਾਮਲਾ ਹੱਲ ਹੋ ਜਾਵੇਗਾ। ਕਿਸਾਨ ਆਗੂਆਂ ਕਿਹਾ ਕਿ ਡੇਢ ਸਾਲ ਤੋਂ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣਾ ਦੱਸ ਦਾ ਹੈ ਕਿ ਸਰਕਾਰਾਂ ਕਿਸਾਨਾਂ ਲਈ ਕਿੰਨਾ ਕੁ ਸੁਹਿਰਦ ਹੈ, ਕਿਸਾਨ ਜੋ ਅਨਾਜ ਪੈਦਾ ਕਰਦੇ ਹਨ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ ਪਰ ਕਾਰਖਾਨੇਦਾਰਾਂ, ਫੈਕਟਰੀਆਂ ਤੇ ਕਾਰਪੋਰੇਟਾਂ ਦੇ ਲਈ ਖਜ਼ਾਨੇ ਦਾ ਮੂੰਹ ਖੁੱਲ ਜਾਂਦਾ ਹੈ ਤੇ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ ਖੁਆਰੀ ਕਰ ਰਹੇ ਹਨ।