ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 19 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਪਿੰਡ ਕੋਟ ਆਗਾ ਵਿਚ ਚੱਲ ਰਿਹਾ ਪੱਕਾ ਮੋਰਚਾ 55ਵੇਂ ਦਿਨ ਵੀ ਜਾਰੀ ਰਿਹਾ। ਮਲੌਦ ਬਲਾਕ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਕੇਂਦਰ ਦੀ ਮੋਦੀ ਹਕੂਮਤ ਅਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਸੂਬਾ ਪ੍ਰਧਾਨ ਬਿਕਰਜੀਤ ਸਿੰਘ ਕਾਲਖ, ਕਰਮਜੀਤ ਸਿੰਘ ਕੋਟ ਆਗਾ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਉਚਿੱਤ ਮੁਆਵਜ਼ਾ ਹਾਸਲ ਕੀਤੇ ਬਿਨਾਂ ਕੌਮੀ ਸ਼ਾਹ ਰਾਹ ਅਥਾਰਿਟੀ ਨੂੰ ਇਕ ਇੰਚ ਵੀ ਜ਼ਮੀਨ ਸੌਂਪਣ ਤੋਂ ਇਨਕਾਰ ਕੀਤਾ।
ਕਿਸਾਨ ਆਗੂ ਜਸਵੰਤ ਸਿੰਘ ਭੱਟੀਆਂ, ਸੁਦਾਗਰ ਸਿੰਘ ਜੁੜਾਹਾਂ, ਅੰਮ੍ਰਿਤਪਾਲ ਸਿੰਘ ਕਾਲਖ, ਪਰਮਜੀਤ ਸਿੰਘ ਕੋਟ ਆਗਾ ਅਤੇ ਜਸਵੀਰ ਸਿੰਘ ਕੋਟ ਆਗਾ ਨੇ ਜ਼ਮੀਨਾਂ ਖੋਹਣ ਖ਼ਿਲਾਫ਼ ਆਖ਼ਰੀ ਦਮ ਤੱਕ ਲੜਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਹੀ ਬਣਾਏ ਜ਼ਮੀਨ ਗ੍ਰਹਿਣ, ਪਾਰਦਰਸ਼ੀ ਉਚਿੱਤ ਮੁਆਵਜ਼ਾ ਅਤੇ ਮੁੜ ਵਸੇਬਾ ਕਾਨੂੰਨ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨ ਲਈ ਕਿਸਾਨਾਂ-ਮਜ਼ਦੂਰਾਂ ਨੂੰ ਉਜਾੜਨ ਤੁਰੀ ਹੈ।