ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਇੱਥੇ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਮੀਟਿੰਗਾਂ ਕਰ ਕੇ ਕਿਸਾਨਾਂ ਨੂੰ ਸਾਮਰਾਜ ਵਿਰੋਧੀ ਸੰਘਰਸ਼ ਲਈ ਲਾਮਬੰਦ ਕੀਤਾ ਗਿਆ। ਬਲਾਕ ਸਿੱਧਵਾਂ ਬੇਟ ਦੇ ਸਕੱਤਰ ਰਾਮਸਰਨ ਸਿੰਘ ਰਸੂਲਪੁਰ ਤੇ ਪ੍ਰਧਾਨ ਦਵਿੰਦਰ ਸਿੰਘ ਮਲਸੀਹਾਂ ਦੀ ਅਗਵਾਈ ਵਿੱਚ ਬਰਨਾਲਾ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਹੋਣ ਵਾਲੀ ਰੈਲੀ ’ਚ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਦੱਸਿਆ ਗਿਆ ਕਿ ਹਰ ਪਿੰਡ ਵਿੱਚੋਂ ਇਕ ਵਾਹਨ ਲਾਜ਼ਮੀ ਰੈਲੀ ਲਈ ਰਵਾਨਾ ਹੋਵੇਗਾ। ਇਸ ਲਈ ਇਲਾਕੇ ਦੀਆਂ ਸਾਰੀਆਂ ਪਿੰਡ ਇਕਾਈਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਬਰਨਾਲਾ ਦੀ ਇਹ ਰੈਲੀ ਇਕ ਨਵੀਂ ਰਾਹ ਦਸੇਰਾ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨਕਲਾਬ ਤੇ ਬਦਲਾਅ ਦੇ ਨਾਅਰੇ ਨਾਲ ਸੱਤਾ ’ਤੇ ਕਾਬਜ਼ ਹੋਈ ‘ਆਪ’ ਦਾ ਅਸਲ ਚਿਹਰਾ ਉਸ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਨੇ ਬੇਪਰਦ ਕਰ ਦਿੱਤਾ ਹੈ। ਇਸ ਪਾਰਟੀ ਨੇ ਸ਼ਹੀਦ ਭਗਤ ਸਿੰਘ ਦੀ ਧਰਤੀ ’ਤੇ ਖੜ੍ਹ ਕੇ ਜੋ ਅਹਿਦ ਲਿਆ ਸੀ ਉਹ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਥਾਂ ਕੇਂਦਰ ਦੀ ਮੋਦੀ ਹਕੂਮਤ ਵਾਂਗ ਭਗਵੰਤ ਮਾਨ ਸਰਕਾਰ ਵੀ ਸ਼ੋਸ਼ੇਬਾਜ਼ੀ ‘ਚ ਵਧੇਰੇ ਸਰਗਰਮ ਦਿਖਾਈ ਦੇਣ ਲੱਗੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਲੋਕ ਬਰਨਾਲੇ ਦੀ ਧਰਤੀ ‘ਤੇ ਭਗਤ ਸਿੰਘ ਦੇ ਵਿਚਾਰਾਂ ਅਤੇ ਸੁਫਨਿਆਂ ਦਾ ਸਮਾਜ ਸਿਰਜਣ ਲਈ ਸਰਗਰਮੀ ਤੇਜ਼ ਕਰਨ ਦਾ ਅਹਿਦ ਲੈਣਗੇ। ਇਲਾਕੇ ਦੇ ਕਿਸਾਨਾਂ ਵਿੱਚ ਭਾਰਤ ਮਾਲਾ ਸਕੀਮ ਤਹਿਤ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੇ ਸਰਕਾਰ ਦੇ ਮਨਸੂਬਿਆਂ ਅਤੇ ਭੱਟੀਆਂ ਢਾਹਾਂ ਪਿੰਡ ਵਿੱਚ ਪਿਛਲੇ ਦਿਨੀਂ ਪੁਲੀਸ ਵਲੋਂ ਕੀਤੀਆਂ ਧੱਕੇਸ਼ਾਹੀਆਂ, ਪਿੰਡ ਦੇ ਬਜ਼ੁਰਗ ਆਗੂ ਜਸਵੰਤ ਸਿੰਘ ਨੂੰ ਨਾਜਾਇਜ਼ ਹਿਰਾਸਤ ਵਿੱਚ ਲੈ ਕੇ ਉਸ ’ਤੇ ਤਸ਼ੱਦਦ ਕਰਨ ਵਾਲੇ ਅਫ਼ਸਰ ਖ਼ਿਲਾਫ਼ ਕਾਰਵਾਈ ਨਾ ਕਰਨ ਤੋਂ ਰੋਹ ਭਖ ਰਿਹਾ ਹੈ।
ਇਸ ਮੌਕੇ ਜਗਤ ਸਿੰਘ ਲੀਲਾਂ, ਸਵਰਨਜੀਤ ਸਿੰਘ ਸਲੇਮਪੁਰਾ, ਪਰਮਜੀਤ ਸਿੰਘ ਸਵੱਦੀ, ਗੁਰਨਾਮ ਸਿੰਘ ਬਹਾਦਰਕੇ, ਤੀਰਥ ਸਿੰਘ ਤਲਵੰਡੀ ਖੁਰਦ, ਜਸਵੰਤ ਸਿੰਘ ਭੱਟੀਆਂ, ਕਰਮਜੀਤ ਸਿੰਘ ਸਲੇਮਪੁਰਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।