ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 31 ਅਗਸਤ
ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਮੋਰਚਾ ਲਗਾਤਾਰ ਜਾਰੀ ਹੈ। ਕਿਸਾਨ-ਮਜ਼ਦੂਰ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਾਉਣ ਲਈ ਪੂਰੀ ਦ੍ਰਿੜ੍ਹਤਾ ਨਾਲ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਹਨ। ਜਮਹੂਰੀਅਤ ਪਸੰਦ ਹੋਰ ਤਬਕੇ ਸੰਘਰਸ਼ ਵਿੱਚ ਡਟਵਾਂ ਸਾਥ ਦੇ ਰਹੇ ਹਨ ਅਤੇ ਨਵੀਆਂ ਆਰਥਿਕ ਅਤੇ ਸਨਅਤੀ ਨੀਤੀਆਂ ਦੇ ਝੰਬੇ ਲੋਕ ਇਸ ਲੜਾਈ ਨੂੰ ਸਾਂਝੀ ਲੜਾਈ ਬਣਾਉਣ ਲਈ ਯਤਨਸ਼ੀਲ ਹਨ। ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਰੋਡ ਸੰਘਰਸ਼ ਯੂਨੀਅਨ ਦੇ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਕੋਟ ਆਗਾ, ਜਸਵੀਰ ਸਿੰਘ ਕੋਟ ਆਗਾ, ਬਲਦੇਵ ਸਿੰਘ ਵੜੈਚ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਆਖ਼ਰੀ ਦਮ ਤੱਕ ਲੜਨ ਦਾ ਅਹਿਦ ਲਿਆ। ਕਿਸਾਨ ਆਗੂ ਬਲਵਿੰਦਰ ਸਿੰਘ ਨਾਰੰਗਵਾਲ, ਰਣਜੀਤ ਸਿੰਘ ਗੁੱਜਰਵਾਲ, ਜਸਵੰਤ ਸਿੰਘ ਭੱਟੀਆਂ ਅਤੇ ਭੁਪਿੰਦਰ ਸਿੰਘ ਕਾਲਖ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ-ਮਜ਼ਦੂਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ ਅਤੇ ਜਾਣ-ਬੁੱਝ ਕੇ ਗੱਲਬਾਤ ਨੂੰ ਲਟਕਾਇਆ ਜਾ ਰਿਹਾ ਹੈ।