ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਸਤੰਬਰ
ਲੁਧਿਆਣਾ ਜ਼ਿਲ੍ਹੇ ਦੇ ਡੇਢ ਦਰਜਨ ਪਿੰਡਾਂ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਜਬਰੀ ਗ੍ਰਹਿਣ ਕਰਨ ਵਿਰੁੱਧ ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਚੱਲ ਰਿਹਾ ਪੱਕਾ ਮੋਰਚਾ ਢਾਈ ਮਹੀਨੇ ਪਾਰ ਕਰ ਗਿਆ ਹੈ।
ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਜੋਸ਼ੋ-ਖਰੋਸ਼ ਨਾਲ ਸ਼ਮੂਲੀਅਤ ਕੀਤੀ ਅਤੇ ਸਰਕਾਰੀ ਜਬਰ ਅੱਗੇ ਨਾ ਝੁਕਣ ਦੀ ਪ੍ਰਤੀਬੱਧਤਾ ਦੁਹਰਾਈ। ਕਿਸਾਨ ਆਗੂ ਬਲਦੇਵ ਸਿੰਘ ਵੜੈਚ, ਬਲਵੰਤ ਸਿੰਘ ਘੁਡਾਣੀ, ਲਖਵਿੰਦਰ ਸਿੰਘ ਉਕਸੀ, ਹਰਪ੍ਰੀਤ ਸਿੰਘ ਲਹਿਲ, ਬਲਦੇਵ ਸਿੰਘ ਜੀਰਖ, ਬਿੱਕਰਜੀਤ ਸਿੰਘ ਕਾਲਖ ਅਤੇ ਪਰਮਜੀਤ ਸਿੰਘ ਕੋਟ ਆਗਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨਾਂ-ਮਜ਼ਦੂਰਾਂ ਦੇ ਏਕੇ ਅਤੇ ਸਾਂਝ ’ਤੇ ਜ਼ੋਰ ਦਿੱਤਾ। ਬਲਾਕ ਮਲੌਦ ਅਤੇ ਪੱਖੋਵਾਲ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਗੁਆਂਢੀ ਪਿੰਡਾਂ ਵਿਚੋਂ ਭਾਰੀ ਮਾਤਰਾ ਵਿੱਚ ਦੁੱਧ ਅਤੇ ਹੋਰ ਸਹਾਇਤਾ ਦੀ ਆਮਦ ਵੀ ਜਾਰੀ ਹੈ।
ਕਿਸਾਨ ਆਗੂ ਜਸਵੰਤ ਸਿੰਘ ਭੱਟੀਆਂ, ਕੁਲਦੀਪ ਸਿੰਘ ਗੁੱਜਰਵਾਲ, ਸੁਦਾਗਰ ਸਿੰਘ ਜੁੜਾਹਾਂ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਅਮਰਜੀਤ ਕੌਰ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਸੁਖਪਾਲ ਕੌਰ ਬਡਬਰ ਦੇ ਢਾਡੀ ਜਥੇ ਨੇ ਵਾਰਾਂ, ਗੀਤਕਾਰ ਨਾਜ਼ਰ ਸਿੰਘ ਸਿਆੜ ਅਤੇ ਰਾਮ ਸਿੰਘ ਹਠੂਰ ਨੇ ਕਿਰਤੀ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਿਤ ਗੀਤ ਪੇਸ਼ ਕੀਤੇ। ਲੰਗਰ ਦੀ ਸੇਵਾ ਮਾਛੀਵਾੜਾ ਸਾਹਿਬ ਦੀ ਸੰਗਤ ਨੇ ਕੀਤੀ।