ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 14 ਸਤੰਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਵਿਰੁੱਧ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਤੇਜ਼ ਝੱਖੜ ਅਤੇ ਵਰ੍ਹਦਾ ਮੀਂਹ ਲੋਕਾਂ ਦੇ ਹੌਸਲੇ ਪਸਤ ਨਾ ਕਰ ਸਕਿਆ ਅਤੇ 81ਵੇਂ ਦਿਨ ਵੀ ਵੱਡੀ ਗਿਣਤੀ ਕਿਸਾਨ ਮੋਰਚੇ ਵਿਚ ਡਟੇ ਰਹੇ। ਇਸ ਦੌਰਾਨ ‘ਦਹਿਕਦੇ ਅੰਗਿਆਰਾਂ ’ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ’ ਦੇ ਨਾਅਰੇ ਵੀ ਗੂੰਜਦੇ ਰਹੇ। ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਸਕੱਤਰ ਪਰਮਜੀਤ ਸਿੰਘ ਕੋਟ ਆਗਾ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ ਅਤੇ ਦਰਸ਼ਨ ਸਿੰਘ ਫੱਲੇਵਾਲ ਨੇ ਸੰਬੋਧਨ ਕਰਦਿਆਂ ਪ੍ਰਣ ਦੁਹਰਾਇਆ ਕਿ ਬਿਨਾ ਯੋਗ ਮੁਆਵਜ਼ਾ ਇੱਕ ਇੰਚ ਜ਼ਮੀਨ ਕੰਪਨੀਆਂ ਨੂੰ ਨਹੀਂ ਦਿੱਤੀ ਜਾਵੇਗੀ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਕਿਸਾਨ ਆਗੂ ਜਸਵੀਰ ਸਿੰਘ ਕੋਟ ਆਗਾ, ਬਲਦੇਵ ਸਿੰਘ ਵੜੈਚ, ਰਾਜਵਿੰਦਰ ਸਿੰਘ ਬੱਲੋਵਾਲ, ਸੁਦਾਗਰ ਸਿੰਘ ਜੁੜਾਹਾਂ, ਹਰਪ੍ਰੀਤ ਕੌਰ ਗੁੱਜਰਵਾਲ ਅਤੇ ਸੁਰਿੰਦਰ ਕੌਰ ਕਾਲਖ ਨੇ ਕਿਹਾ ਕਿ ਸਰਕਾਰਾਂ ਦਾ ਜਬਰ ਅਤੇ ਕੁਦਰਤੀ ਆਫ਼ਤਾਂ ਸਾਡੇ ਹੌਸਲੇ ਨਹੀਂ ਤੋੜ ਸਕਦੇ। ਲੰਗਰ ਦੀ ਸੇਵਾ ਪਿੰਡ ਮਾਂਗਟ ਦੀ ਸੰਗਤ ਵੱਲੋਂ ਕੀਤੀ ਗਈ।