ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 19 ਅਕਤੂਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਡੇਢ ਦਰਜਨ ਪਿੰਡਾਂ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲੁੱਟਣ ਵਿਰੁੱਧ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਭਾਕਿਯੂ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਪੱਕਾ ਮੋਰਚਾ ਸਾਢੇ ਤਿੰਨ ਮਹੀਨੇ ਪਾਰ ਕਰ ਗਿਆ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਸੰਗਰੂਰ ਵਿਚ ਅਣਮਿਥੇ ਸਮੇਂ ਲਈ ਵਿਸ਼ਾਲ ਮੋਰਚੇ ਵਿਚ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਫੱਲੇਵਾਲ, ਪਰਮਜੀਤ ਸਿੰਘ ਕੋਟ ਆਗਾ, ਜਸਵੀਰ ਸਿੰਘ ਕੋਟ ਆਗਾ, ਦਰਸ਼ਨ ਸਿੰਘ ਫੱਲੇਵਾਲ, ਰਣਜੀਤ ਸਿੰਘ ਗੁੱਜਰਵਾਲ ਅਤੇ ਸੁਰਿੰਦਰ ਕੌਰ ਕਾਲਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਕੇਂਦਰ ਦੀ ਮੋਦੀ ਹਕੂਮਤ ਵੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਚੁੱਕੀ ਹੈ ਅਤੇ ਆਖ਼ਰ ਝੁਕਣਾ ਪਿਆ।
ਕੋਟ ਆਗਾ ਮੋਰਚੇ ਵੱਲੋਂ ਸੰਗਰੂਰ ਵਿਚ ਚੱਲ ਰਹੇ ਮੋਰਚੇ ਵਿੱਚ ਕਿਸਾਨਾਂ-ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦੇ ਵੱਡੇ ਜਥੇ ਰਵਾਨਾ ਕੀਤੇ ਗਏ। ਕਿਸਾਨ ਆਗੂ ਰਣਜੀਤ ਸਿੰਘ ਗੁੱਜਰਵਾਲ, ਮਲਕੀਤ ਸਿੰਘ ਕੋਟ ਆਗਾ, ਰਮਾਇਣਜੀਤ ਸਿੰਘ ਬੱਲੋਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਹੱਕੀ ਮੰਗਾਂ ਲਈ ਕਿਸਾਨਾਂ ਦੇ ਧਰਨਿਆਂ ਨੂੰ ਫ਼ਜ਼ੂਲ ਦੱਸਣ ਦੀ ਨਿੰਦਾ ਕੀਤੀ। ਲੰਗਰ ਦੀ ਸੇਵਾ ਪਿੰਡ ਕੋਟ ਆਗਾ ਦੀ ਸੰਗਤ ਵੱਲੋਂ ਕੀਤੀ ਗਈ।