ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਲਲਕਾਰ ਰੈਲੀ ਕਰਨ ਮਗਰੋਂ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਚੱਲ ਰਹੇ ਪੱਕੇ ਮੋਰਚੇ ’ਤੇ ਡਟੇ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਦੇ ਹੌਸਲੇ ਪੂਰੇ ਬੁਲੰਦ ਹਨ ਅਤੇ ਮੋਰਚਾ ਸਾਢੇ ਤਿੰਨ ਮਹੀਨੇ ਪਾਰ ਕਰ ਚੁੱਕਿਆ ਹੈ। ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਰੋਸ ਮਾਰਚ ਕੀਤਾ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਚਰਨਜੀਤ ਸਿੰਘ ਫੱਲੇਵਾਲ, ਦਰਸ਼ਨ ਸਿੰਘ ਫੱਲੇਵਾਲ, ਮਲਕੀਤ ਸਿੰਘ ਕੋਟ ਆਗਾ, ਰਮਾਇਣਜੀਤ ਸਿੰਘ ਬੱਲੋਵਾਲ ਅਤੇ ਸੁਰਿੰਦਰ ਕੌਰ ਕਾਲਖ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਅਕਤੂਬਰ ਨੂੰ ਸੰਗਰੂਰ ਵਿੱਚ ਐਲਾਨੇ ਤਿੱਖੇ ਐਕਸ਼ਨ ਵਿੱਚ ਹੋਰ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਬਲਾਕ ਪੱਖੋਵਾਲ ਦੇ ਪਿੰਡਾਂ ਵਿੱਚੋਂ ਤਿੱਖੇ ਐਕਸ਼ਨ ਵਿੱਚ ਪਹੁੰਚਣ ਲਈ ਕਰੋ ਜਾਂ ਮਰੋ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉੱਚੀਆਂ ਅਤੇ ਚੌੜੀਆਂ ਸੜਕਾਂ ਤੋਂ ਪੀੜਤ ਕਿਸਾਨਾਂ-ਮਜ਼ਦੂਰਾਂ ਲਈ ਹੁਣ ਇਹ ਫ਼ੈਸਲਾਕੁਨ ਸੰਘਰਸ਼ ਹੈ। ਸਟੇਜ ਸਕੱਤਰ ਕਰਮਜੀਤ ਸਿੰਘ ਕੋਟ ਆਗਾ ਨੇ ਕਿਹਾ ਕਿ ਉਨ੍ਹਾਂ ਤਾਂ ਸਭ ਕੁਝ ਦਾਅ ਉੱਪਰ ਲੱਗਾ ਹੈ। ਅੱਜ ਧਰਨੇ ਵਿੱਚ ਲੰਗਰ ਦੀ ਸੇਵਾ ਪਿੰਡ ਕੋਟ ਆਗਾ ਦੀ ਸੰਗਤ ਵੱਲੋਂ ਕੀਤੀ ਗਈ।