ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ ਬਿਨਾਂ ਉੱਚਿਤ ਮੁਆਵਜ਼ਾ ਦਿੱਤੇ ਖੋਹਣ ਖ਼ਿਲਾਫ਼ ਚੱਲ ਰਿਹਾ ਪੱਕਾ ਮੋਰਚਾ 110ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਜਸਵੀਰ ਸਿੰਘ ਕੋਟ ਆਗਾ, ਸੁਦਾਗਰ ਸਿੰਘ ਜੁੜਾਹਾਂ, ਚਰਨਜੀਤ ਸਿੰਘ ਫੱਲੇਵਾਲ, ਦਰਸ਼ਨ ਸਿੰਘ ਫੱਲੇਵਾਲ ਅਤੇ ਸੁਰਿੰਦਰ ਕੌਰ ਕਾਲਖ ਨੇ ਕਿਹਾ ਕਿ ਸੰਗਰੂਰ ਵਿਚ ਭਗਵੰਤ ਮਾਨ ਦੀ ਰਿਹਾਇਸ਼ ਸਾਹਮਣੇ ਪੱਕੇ ਮੋਰਚੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਕੋਟ ਆਗਾ ਮੋਰਚੇ ਵਿਚ ਕੋਈ ਢਿੱਲ ਨਹੀਂ ਆਉਣ ਦਿੱਤੀ। ਕਿਸਾਨ ਆਗੂਆਂ ਨੇ ਕੋਟ ਆਗਾ ਵਿੱਚ ਪੱਕਾ ਮੋਰਚਾ ਮੱਲ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਨੂੰ ਸੰਗਰੂਰ ਦੀ ਲਲਕਾਰ ਰੈਲੀ ਵਿੱਚ ਭਾਗ ਲੈਣ ਲਈ ਨਵੇਂ ਸਿਰੇ ਤੋਂ ਵਿਉਂਤਬੰਦੀ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਸਰਕਾਰਾਂ ਦੇ ਵਾਅਦਿਆਂ ਅਤੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ। ਗੀਤਕਾਰ ਰਾਮ ਸਿੰਘ ਹਠੂਰ ਨੇ ਆਪਣੇ ਇਨਕਲਾਬੀ ਗੀਤਾਂ ਨਾਲ ਜੋਸ਼ ਭਰਿਆ ਅਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਰਮਜੀਤ ਸਿੰਘ ਕੋਟ ਆਗਾ ਨੇ ਨਿਭਾਈ। ਲੰਗਰ ਦੀ ਸੇਵਾ ਕੋਟ ਆਗਾ ਦੀ ਸੰਗਤ ਵੱਲੋਂ ਨਿਭਾਈ ਗਈ।