ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਸਤੰਬਰ
ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ-ਜੰਮੂ-ਕੱਟੜਾ ਸ਼ਾਹ ਰਾਹ ਲਈ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਜ਼ੋਰ-ਅਜ਼ਮਾਇਸ਼ ਜਾਰੀ ਹੈ, ਪਰ ਅੰਦੋਲਨਕਾਰੀ ਕਿਸਾਨ, ਨੌਜਵਾਨ ਅਤੇ ਔਰਤਾਂ 84ਵੇਂ ਦਿਨ ਵੀ ਪੱਖੋਵਾਲ ਬਲਾਕ ਦੇ ਪਿੰਡ ਕੋਟ ਆਗਾ ਵਿਚ ਮੋਰਚੇ ’ਤੇ ਡਟੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਅਤੇ ਭਾਰੀ ਮਸ਼ੀਨਰੀ ਨਾਲ ਕਬਜ਼ੇ ਲਈ ਜ਼ੋਰ ਅਜ਼ਮਾਈ ਅੱਜ ਵੀ ਕੀਤੀ ਗਈ। ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਸੁਰਿੰਦਰ ਕੌਰ ਕਾਲਖ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਦੇ ਹਿਤ ਪੂਰਨ ਲਈ ਪੂਰੀ ਵਾਹ ਲਾ ਰਹੀ ਹੈ। ਕਿਸਾਨ ਆਗੂ ਹਾਕਮ ਸਿੰਘ ਜਰਗੜੀ, ਲਖਵਿੰਦਰ ਸਿੰਘ ਉਕਸੀ, ਆਦਿ ਨੇ ਕਿਹਾ ਕਿ ਸਰਕਾਰ ਵੀ ਕਿਸਾਨਾਂ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਜਦਕਿ ਜ਼ੋਰ-ਜਬਰ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਬੁਲਡੋਜ਼ਰ ਫੇਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਹਰ ਜਬਰ ਦਾ ਵਿਰੋਧ ਕਰਦਿਆਂ ਮਸ਼ਨਰੀ ਖੇਤਾਂ ਵਿਚ ਨਹੀਂ ਵੜਨ ਦੇਣਗੇ।