ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਵੱਲੋਂ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਪੱਕਾ ਮੋਰਚਾ 63ਵੇਂ ਦਿਨ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਰਾਜਿੰਦਰ ਸਿੰਘ ਖੱਟੜਾ ਅਤੇ ਪਰਮਜੀਤ ਸਿੰਘ ਕੋਟ ਆਗਾ ਨੇ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ, ਵੱਡੇ ਸਨਅਤਕਾਰਾਂ ਸਮੇਤ ਹੋਰ ਉਦਯੋਗਪਤੀਆਂ ਪੱਖੀ ਨੀਤੀਆਂ ਹੀ ਨਹੀਂ ਬਣਾਉਂਦੇ ਸਗੋਂ ਇਨ੍ਹਾਂ ਨੂੰ ਵਡਿਆਉਣ ਲਈ ਸਰਕਾਰਾਂ ਵਿਚ ਵਜ਼ੀਰਾਂ ਦੇ ਦਰਜੇ ਵੀ ਦਿੰਦੇ ਹਨ। ਸੂਬੇ ਵਿੱਚ ਦੇਸ਼ੀ-ਵਿਦੇਸ਼ੀ ਕੰਪਨੀਆਂ ਨੂੰ ਸੱਦੇ ਦੇਣ ਲਈ ਕੌਡੀਆਂ ਦੇ ਭਾਅ ਜ਼ਮੀਨਾਂ ਦੇ ਵੀ ਇੰਤਜ਼ਾਮ ਕਰ ਕੇ ਦਿੱਤੇ ਜਾ ਰਹੇ ਹਨ। ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਬਿੱਕਰਜੀਤ ਸਿੰਘ ਕਾਲਖ, ਜਸਵੀਰ ਸਿੰਘ ਖੱਟੜਾ, ਸੁਦਾਗਰ ਸਿੰਘ ਜੁੜਾਹਾਂ, ਸੁਰਿੰਦਰ ਕੌਰ ਚੀਮਾ ਅਤੇ ਜਸਵੀਰ ਸਿੰਘ ਕੋਟ ਆਗਾ ਨੇ ਕਿਹਾ ਕਿ ਸੜਕਾਂ, ਪੁਲ, ਟਰੈਕ ਅਤੇ ਹੋਰ ਸਰਕਾਰੀ ਠੇਕੇ ਦੇ ਕੇ ਕੰਪਨੀਆਂ ਨੂੰ ਮਾਲੋਮਾਲ ਕੀਤਾ ਜਾ ਰਿਹਾ ਹੈ ਅਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕਿਸਾਨਾਂ-ਮਜ਼ਦੂਰਾਂ ਨੂੰ ਉਜਾੜ ਰਹੀ ਹੈ।
ਉਨ੍ਹਾਂ ਐਲਾਨ ਕੀਤਾ ਕਿ ਉੱਚਿਤ ਮੁਆਵਜ਼ੇ ਬਿਨਾਂ ਜਬਰੀ ਜ਼ਮੀਨਾਂ ਗ੍ਰਹਿਣ ਨਹੀਂ ਹੋਣ ਦਿਆਂਗੇ। ਮੋਰਚੇ ਵਿੱਚ ਲੰਗਰ ਦੀ ਸੇਵਾ ਪਿੰਡ ਚੌਂਤਾ (ਮਾਛੀਵਾੜਾ ਸਾਹਿਬ) ਵੱਲੋਂ ਕੀਤੀ ਗਈ।