ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਸਥਾਨਕ ਹਲਕਾ ਗਿੱਲ ਵਿੱਚ ਲੋਕਾਂ ਦੀ ਸਹੂਲਤ ਲਈ ਸੁਵਿਧਾ ਸੈਂਟਰ ਸਥਾਪਤ ਕੀਤਾ ਗਿਆ। ਇਸ ਸੈਂਟਰ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਕੀਤਾ ਗਿਆ। ਇਸ ਮੌਕੇ ਆਸ਼ੂ ਨੇ ਕਿਹਾ ਕਿ ਲੋਕ ਸਰਕਾਰੀ ਭਲਾਈ ਸਕੀਮਾਂ ਦਾ ਪੂਰਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ, ਸਮਰਪਿਤ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ, ਜੋ ਵਸਨੀਕਾਂ ਨੂੰ ਉਨ੍ਹਾਂ ਦੇ ਦਸਤਾਵੇਜ਼ ਫਾਈਲਾਂ ਪੂਰੀਆਂ ਕਰਨ ਨੂੰ ਯਕੀਨੀ ਬਣਾਉਣ ਲਈ ਸੇਧ ਦੇਣਗੇ।
ਵਿਧਾਇਕ ਵੈਦ ਨੇ ਕਿਹਾ ਕਿ ਲੋਕ 62 ਸੇਵਾਵਾਂ ਦਾ ਪੂਰੀ ਤਰ੍ਹਾਂ ਮੁਫਤ ’ਚ ਲਾਭ ਲੈ ਸਕਣਗੇ, ਜਿਨ੍ਹਾਂ ਲਈ ਲੋਕਾਂ ਨੂੰ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਸਨ। ਉਨ੍ਹਾਂ ਦੱਸਿਆ ਕਿ ਗਿੱਲ ਹਲਕੇ ਵਿੱਚ 200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ, ਜਦੋਂ ਕਿ ਕਈ ਹੋਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਹੋਰ ਵਸਨੀਕਾਂ ਦੇ ਲਾਭਹਿੱਤ ਪੰਜਾਬ ਸਰਕਾਰ ਕਈ ਹੋਰ ਯੋਜਨਾਵਾਂ ਤੋਂ ਇਲਾਵਾ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਸਬਸਿਡੀ ਦੇ ਰਹੀ ਹੈ।