ਮੇਜਰ ਸਿੰਘ ਮੱਟਰਾਂ
ਭਵਾਨੀਗੜ, 7 ਜੂਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ਤਹਿਤ ਬਲਾਕ ਦੇ ਤੀਹ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਉਪਰ ਅੱਜ ਦੂਜੇ ਦਿਨ ਵੀ ਮੋਰਚੇ ਜਾਰੀ ਰੱਖੇ ਗਏ। ਇਸ ਮੌਕੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਚੌਂਕ, ਬਲਵਿੰਦਰ ਸਿੰਘ ਘਨੌੜ, ਸਤਵਿੰਦਰ ਸਿੰਘ ਘਰਾਚੋਂ,ਜਗਤਾਰ ਸਿੰਘ ਲੱਡੀ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ, ਅਮਨਦੀਪ ਸਿੰਘ ਮਹਿਲਾਂ ਅਤੇ ਚਮਕੌਰ ਸਿੰਘ ਲਾਡੀ ਬਖੋਪੀਰ ਬੁਲਾਰਿਆਂ ਨੇ ਧਰਤੀ ਦੀ ਤਹਿ ਹੇਠਲੇ ਡੂੰਘੇ ਹੋ ਰਹੇ ਪਾਣੀ ਅਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਉੱਪ ਪ੍ਰਧਾਨ ਜਸਵਿੰਦਰ ਸਿੰਘ ਸੂਬਾ ਸੰਗਤਪੁਰਾ ਨੇ ਅੱਜ ਪਾਣੀ ਬਚਾਓ, ਖੇਤੀ ਬਚਾਓ ਮੁਹਿੰਮ ਦੇ ਤਹਿਤ ਪਿੰਡ ਸੰਗਤਪੁਰਾ ਦੇ ਵਾਟਰ ਵਰਕਸ ਵਿਖੇ ਲਾਏ ਮੋਰਚੇ ਨੂੰ ਸੰਬੋਧਨ ਕੀਤਾ। ਉਨ੍ਹਾਂ ਪਾਣੀ ਬਚਾਓ, ਖੇਤੀ ਬਚਾਓ ਮੁਹਿੰਮ ਦੇ ਤਹਿਤ ਸਰਕਾਰ ਨੂੰ ਪਾਣੀ ਰੀਚਾਰਜ ਕਰਨ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਨਦੀਆਂ ਨਾਲਿਆਂ ਨਹਿਰਾਂ ਅਤੇ ਧਰਤੀ ਵਿਚ ਸਿੱਧੇ ਤੌਰ ਉੱਪਰ ਪਾਏ ਜਾ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀਆਂ ਨੂੰ ਤੁਰੰਤ ਬੰਦ ਕਰਵਾਉਣ ਉੱਪਰ ਜ਼ੋਰ ਦਿੱਤਾ ਹੈ। ਇਸ ਮੋਰਚੇ ਨੂੰ ਗੁਰਜੰਟ ਸਿੰਘ, ਦਰਸ਼ਨ ਸਿੰਘ ,ਬਲਦੇਵ ਸਿੰਘ, ਸੰਸਾਰ ਸਿੰਘ, ਅਜੈਬ ਸਿੰਘ, ਪਿੱਲਾ ਸਿੰਘ, ਹਰਮੇਲ ਸਿੰਘ, ਮੇਵਾ ਸਿੰਘ, ਬਲਜੀਤ ਕੌਰ ਤੇ ਗੁਰਮੀਤ ਕੌਰ ਨੇ ਸੰਬੋਧਨ ਕੀਤਾ।
ਪਾਇਲ(ਦੇਵਿੰਦਰ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਪਿੰਡ ਘਲੋਟੀ ਵਿਖੇ ਧਰਨਾ ਦੂਜੇ ਦਿਨ ਵੀ ਲਗਾਤਾਰ ਜਾਰੀ ਰਿਹਾ। ਬਲਾਕ ਪ੍ਧਾਨ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਦੇ ਤਸੱਲੀਬਖ਼ਸ਼ ਹੱਲ ਲਈ ਪਾਣੀ ਦੀ ਸੰਭਾਲ ਬਾਰੇ ਇਹ ਮੁਹਿੰਮ ਵਿੱਢੀ ਗਈ ਹੈ। ਪਿੰਡਾਂ ਸ਼ਹਿਰਾਂ ਦੇ ਪੀਣ ਵਾਲੇ ਪਾਣੀ ਦੀ ਜਲ ਸਪਲਾਈ ਵਿਵਸਥਾ ਦੇ ਨਿੱਜੀਕਰਨ ਵੱਲ ਵਧਾਏ ਕਦਮ ਰੱਦ ਕਰ ਕੇ ਇਸ ਨੂੰ ਮੁੜ ਸਰਕਾਰੀ ਕੰਟਰੋਲ ‘ਚ ਲੈਣ ਦਾ ਕਾਨੂੰਨ ਬਣਾਇਆ ਜਾਵੇ ਅਤੇ ਸਮੂਹ ਠੇਕਾ ਕਾਮਿਆਂ ਨੂੰ ਪੱਕੇ ਕਰਨ ਤੋਂ ਇਲਾਵਾ ਲੋੜੀਂਦੇ ਹੋਰ ਕਾਮਿਆਂ ਦੀ ਪੱਕੀ ਸਰਕਾਰੀ ਭਰਤੀ ਕੀਤੀ ਜਾਵੇ। ਸਰਕਾਰ ਵੱਲੋਂ ਇਹ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ਼ ਵਿੱਢਿਆ ਜਾਵੇਗਾ ਅਤੇ ਲੋੜ ਪੈਣ ‘ਤੇ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਧਰਨੇ ਦੌਰਾਨ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਹੋਏ।