ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਫਰਵਰੀ
‘ਇੱਕ ਮੌਕਾ ਕੇਜਰੀਵਾਲ ਨੂੰ’, ਨਾਮ ’ਤੇ ਵੋਟ ਮੰਗਣ ਵਾਲੇ ਆਮ ਆਦਮੀ ਪਾਰਟੀ ਦੇ ਬੋਰਡਾਂ ’ਤੇ ਹੁਣ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਵਿਧਾਨ ਸਭਾ ਚੋਣਾਂ ’ਚ ‘ਆਪ’ ਵੱਲੋਂ ਮੁੱਖ ਮੰਤਰੀ ਲਈ ਉਮੀਦਵਾਰ ਐਲਾਨੇ ਭਗਵੰਤ ਮਾਨ ਦੀ ਫੋਟੋ ਵੀ ਨਜ਼ਰ ਆਉਣ ਲੱਗੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਇਲਾਕਿਆਂ ’ਚ ਵੀ ਇਹ ਬੋਰਡ ਲਾਏ ਗਏ ਹਨ, ਉਥੋਂ ਦੇ ਉਮੀਦਵਾਰਾਂ ਦੀ ਫੋਟੋ ਇਸ ਬੋਰਡ ਤੋਂ ਗਾਇਬ ਹੈ। ਇਸਦੇ ਨਾਲ ਹੀ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਤੇ ਹੋਰ ਸੀਨੀਅਰ ਆਗੂਆਂ ਦੀਆਂ ਫੋਟੋਆਂ ਬੋਰਡਾਂ ’ਤੇ ਨਾ ਹੋਣ ਕਾਰਨ ਉਹ ਅੰਦਰਖਾਤੇ ਨਾਰਾਜ਼ ਹਨ। ‘ਆਪ’ ਵੱਲੋਂ ਪਹਿਲਾਂ ‘ਇੱਕ ਮੌਕਾ ਕੇਜਰੀਵਾਲ’ ਦੇ ਬੋਰਡ ਨਾਲ ਵੋਟ ਮੰਗੀ ਜਾ ਰਹੀ ਸੀ, ਹੁਣ ਪਾਰਟੀ ਪ੍ਰਧਾਨ ਦਾ ਨਾਮ ਤਾਂ ਆ ਗਿਆ ਪਰ ਉਮੀਦਵਾਰਾਂ ਦਾ ਨਾਮ ਗਾਇਬ ਹੈ। ਹੁਣ ਹਰ ਪ੍ਰਚਾਰ ਸਮੱਗਰੀ ’ਤੇ ਇਨ੍ਹਾਂ ਦੋਹਾਂ ਆਗੂਆਂ ਦੀ ਫੋਟੋ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਆਮ ਆਦਮੀ ਪਾਰਟੀ ਦੇ ਇੱਕ ਆਗੂ ਅਨੁਸਾਰ ਪਾਰਟੀ ਵੱਲੋਂ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਲੁਧਿਆਣਾ ਦਾ ਇੰਚਾਰਜ ਲਾਇਆ ਗਿਆ ਹੈ। ਉਨ੍ਹਾਂ ਨੇ ਪ੍ਰਤਾਪਪੁਰਾ ’ਚ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਸਭ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਕਿ ਹੁਣ ਚੋਣ ਪ੍ਰਚਾਰ ਸਮੱਗਰੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੋਵੇਗੀ। ਇਸ ਤੋਂ ਇਲਾਵਾ ਕੁਝ ਵੀ ਨਹੀਂ ਹੋਵੇਗਾ, ਜਿਸ ਤੋਂ ਬਾਅਦ ਉਮੀਦਵਾਰ ਕੁਝ ਵੀ ਬੋਲ ਨਹੀਂ ਪਾ ਰਹੇ ਹਨ। ਉਹ ਮਜਬੂਰੀ ’ਚ ਆਪਣਾ ਪ੍ਰਚਾਰ ਕਰਨ ’ਚ ਲੱਗੇ ਹਨ ਤੇ ਦੋਹਾਂ ਆਗੂਆਂ ਦੇ ਨਾਮ ’ਤੇ ਹੀ ਵੋਟਾਂ ਮੰਗ ਰਹੇ ਹਨ। ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਤੋਂ ਬਾਅਦ ਪਾਰਟੀ ਦੇ ਆਗੂ ਤੇ ਵਰਕਰ ਖੁਸ਼ ਹਨ ਪਰ ਕੁਝ ਆਗੂ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਦੇਖਣਾ ਚਾਹੁੰਦੇ। ਇਸ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਫੋਟੋ ਬੋਰਡ ਤੋਂ ਗਾਇਬ ਕੀਤੀ ਗਈ ਤੇ ਇਹ ਹੁਕਮ ਦੇ ਦਿੱਤੇ ਗਏ ਹਨ ਕਿ ਕਿਸੇ ਹੋਰ ਆਗੂ ਦੀ ਫੋਟੋ ਬੋਰਡ ’ਤੇ ਨਹੀਂ ਹੋਵੇਗੀ, ਉਸ ਨਾਲ ਪਾਰਟੀ ਦੇ ਕਈ ਆਗੂ ਨਾਰਾਜ਼ ਹਨ। ਪਾਰਟੀ ਉਮੀਦਵਾਰ ਅੰਦਰ ਖਾਤੇ ਇਸਦਾ ਵਿਰੋਧ ਵੀ ਕਰ ਰਹੇ ਹਨ।