ਪੱਤਰ ਪ੍ਰੇਰਕ
ਸਮਰਾਲਾ, 27 ਸਤੰਬਰ
ਬੀਐੱਡ ਅਧਿਆਪਕ ਫਰੰਟ ਸਮਰਾਲਾ ਦੀ ਮੀਟਿੰਗ ਫਰੰਟ ਦੇ ਪ੍ਰਧਾਨ ਹਰਮਨਦੀਪ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਸਮਰਾਲਾ ਵਿਚ ਹੋਈ। ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰ ਕੇ ਅੰਜਾਮ ਤੱਕ ਪਹੁੰਚਾਉਣ ਲਈ ਰੂਪ-ਰੇਖਾ ਉਲੀਕੀ ਗਈ। ਸ੍ਰੀ ਮੰਡ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਚੋਣ ਵਾਅਦੇ ਨੂੰ ਜਲਦੀ ਤੋਂ ਜਲਦੀ ਲਾਗੂ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚਿਆਂ ਤੋਂ ਪੱਕੇ ਕੀਤੇ ਜਾ ਰਹੇ ਮੁਲਾਜ਼ਮਾਂ ਵਿੱਚੋਂ ਸਭ ਤੋਂ ਘੱਟ 6000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ’ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਈਜੀਐਸ, ਏਆਈਈ. ਅਤੇ ਐਸਟੀਆਰ ਵਾਲੰਟੀਅਰਾਂ ਨੂੰ ਪੱਕੇ ਕਰਨ ਤੋਂ ਸਰਕਾਰ ਮੁੱਕਰ ਗਈ ਹੈ। ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਵੀ ਵਚਨ ਦਿੱਤਾ ਗਿਆ।