ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਜੀਐੱਸਟੀ ਅਧਿਕਾਰੀ ਦੱਸ ਕੇ ਡਰਾਈਵਰ ਨੂੰ ਅਗਵਾ ਕਰ ਸਰੀਏ ਨਾਲ ਲੱਦਿਆ ਟਰੱਕ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਉਸਦੀ ਨਿਸ਼ਾਨਦੇਹੀ ’ਤੇ ਟਰੱਕ ਨੂੰ ਬਰਾਮਦ ਕਰ ਲਿਆ ਜਦੋਂ ਕਿ 2 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਵੀ ਕਰ ਲਿਆ ਪਰ ਹਾਲੇ ਵੀ 2 ਮੁਲਜ਼ਮ ਫ਼ਰਾਰ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਸਰੀਏ ਨਾਲ ਲੱਦਿਆ ਟਰੱਕ ਤੇ ਪੁਲੀਸ ਦੀ ਵਰਦੀ ਬਰਾਮਦ ਕੀਤੀ ਗਈ ਹੈ, ਜਦੋਂ ਕਿ ਕਾਰ ਮਾਲਕ ਹਾਲੇ ਫ਼ਰਾਰ ਹੈ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਭਿੰਡੀਆਂ ਵਾਸੀ ਰਣਜੀਤ ਸਿੰਘ ਉਰਫ਼ ਰਾਣਾ ਤੇ ਅਜਨਾਲਾ ਵਾਸੀ ਲਾਲ ਸਿੰਘ ਵਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਅੰਮ੍ਰਿਤਸਰ ਦੇ ਪਿੰਡ ਰਣਗੜ੍ਹ ਵਾਸੀ ਅਮਨਦੀਪ ਸਿੰਘ ਉਰਫ਼ ਭੋਲੂ ਤੇ ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਵਾਸੀ ਗੁਰਇਕਬਾਲ ਸਿੰਘ ਉਰਫ਼ ਰੂਪਾ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਰਹੀ ਹੈ।