ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਗਸਤ
ਥਾਣਾ ਕੋਤਵਾਲੀ ਦੀ ਪੁਲੀਸ ਨੇ ਇਕ ਹੋਟਲ ਮਾਲਕ, ਮੈਨੇਜਰ ਅਤੇ ਵੇਟਰ ਦੀ ਕੁੱਟਮਾਰ ਦੇ ਦੋਸ਼ ਤਹਿਤ ਪੰਦਰਾਂ ਜਣਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਾਲ ਰੋਡ ਵਾਸੀ ਦਵਿੰਦਰ ਢੰਡ ਨੇ ਦੱਸਿਆ ਕਿ ਉਸ ਦਾ ਰੇਲਵੇ ਸਟੇਸ਼ਨ ਸਾਹਮਣੇ ਹੋਟਲ ਸਿਟੀ ਸੈਂਟਰ ਹੈ। ਸ਼ਰਾਬੀ ਹਾਲਤ ਵਿੱਚ ਆਏ ਦੋ ਨੌਜਵਾਨ ਹੋਟਲ ਦੇ ਬਾਹਰ ਆਪਣੀ ਗੱਡੀ ਖੜ੍ਹੀ ਕਰ ਕੇ ਰੌਲਾ ਪਾ ਰਹੇ ਸਨ। ਵੇਟਰ ਮੰਨੂ ਨੇ ਉਨ੍ਹਾਂ ਨੂੰ ਗੱਡੀ ਅੱਗੇ ਲਿਜਾਣ ਲਈ ਕਿਹਾ ਤਾਂ ਉਹ ਗਾਲ੍ਹਾਂ ਕੱਢਣ ਲੱਗ ਪਏ ਅਤੇ ਧੱਕਾ-ਮੁੱਕੀ ਕਰਨ ਤੇ ਮੈਨੇਜਰ ਮੁਕੰਦ ਸਿੰਘ ਨੇ ਬਾਹਰ ਆ ਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਉਸ ਦੀ ਕੁੱਟਮਾਰ ਕਰਨ ਲੱਗ ਪਏ। ਇਸ ਦੌਰਾਨ ਉਨ੍ਹਾਂ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਉਸ ਦੇ ਲੜਕੇ ਜਤਿੰਦਰ ਢੰਡ, ਮੈਨੇਜਰ ਮੁਕੰਦ ਸਿੰਘ ਅਤੇ ਵੇਟਰ ਮੰਨੂ ਦੀ ਬੇਸਬਾਲਾਂ ਅਤੇ ਹੋਰ ਹਥਿਆਰਾਂ ਨਾਲ ਕੁੱਟਮਾਰ ਕੀਤੀ।