ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ
ਅੱਜ ਵੱਖ-ਵੱਖ ਜਥੇਬੰਦੀਆਂ ਦੇ ਵਫ਼ਦ ਨੇ ਪੁਲੀਸ ਕਮਿਸ਼ਨਰ ਨੂੰ ਮਿਲਕੇ ਕੁੱਟਮਾਰ ਦੇ ਪੀੜਤ ਬਾਲ ਮਜ਼ਦੂਰ ਨੂੰ ਇਨਸਾਫ਼ ਦੁਆਉਣ, ਪੀੜਤ ਪਰਿਵਾਰ ਅਤੇ ਮਜ਼ਦੂਰ ਆਗੂਆਂ ਖ਼ਿਲਾਫ਼ ਦਰਜ ਝੂਠਾ ਕੇਸ ਰੱਦ ਕਰਾਉਣ ਅਤੇ ਕਥਿਤ ਦੋਸ਼ੀਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਸਖ਼ਤ ਸਜ਼ਾ ਦਿਵਾਉਣ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ ਨੇ ਦੱਸਿਆ ਹੈ ਕਿ ਡੀਸੀ ਹਾਰਡਵੇਅਰ ਨਜ਼ਦੀਕ ਸਥਿਤ ਇੱਕ ਡੇਅਰੀ ਦੇ ਮਾਲਕਾਂ ਵੱਲੋਂ ਇੱਕ ਨਾਬਾਲਗ ਬੱਚੇ ਨੂੰ ਜਬਰੀ ਅਗਵਾ ਕਰ ਕੇ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਵਿੱਚ 24 ਜੂਨ ਨੂੰ ਪੀੜਤ ਪਰਿਵਾਰ ਵੱਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ, ਪਰ ਪੁਲੀਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਜਨਤਕ ਦਬਾਅ ਦੇ ਬਾਅਦ 10 ਜੁਲਾਈ 2022 ਨੂੰ ਐੱਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਨਾਬਾਲਗ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਯੋਗ ਧਾਰਾਵਾਂ ਨਹੀਂ ਲਗਾਈਆਂ ਗਈਆਂ ਸਨ।
ਇਸ ਦੌਰਾਨ ਪੁਲੀਸ ਨੂੰ ਇੱਕ ਝੂਠਾ ਬਿਆਨ ਕੁੱਟਮਾਰ ਦੇ ਕਥਿਤ ਦੋਸ਼ੀਆਂ ਵੱਲੋਂ ਵੀ ਦਰਜ ਕਰਵਾਇਆ ਗਿਆ ਜਿਸ ਤਹਿਤ ਪੀੜਤ ਧਿਰ ਖਿਲਾਫ਼ ਪੁਲੀਸ ਨੇ ਆਈਪੀਸੀ 381 ਵਰਗੀਆਂ ਗੈਰ ਜ਼ਮਾਨਤਯੋਗ ਸਖ਼ਤ ਧਾਰਾਵਾਂ ਲਗਾਈਆਂ ਹਨ। ਪੀੜਤ ਪਰਿਵਾਰ ਦੀ ਪੈਰਵਾਈ ਕਰਨ ਪਹੁੰਚੇ ਮਜ਼ਦੂਰ ਜਥੇਬੰਦੀ ਦੇ ਅਹੁਦੇਦਾਰਾਂ ਜਗਦੀਸ਼ ਸਿੰਘ ਅਤੇ ਗੁਰਦੀਪ ਸਿੰਘ ਖ਼ਿਲਾਫ਼ ਵੀ ਝੂਠੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਪੀੜਤ ਧਿਰ ਅਤੇ ਜਨਤਕ ਆਗੂਆਂ ਜਗਦੀਸ਼ ਸਿੰਘ ਅਤੇ ਗੁਰਦੀਪ ਸਿੰਘ ਖਿਲਾਫ਼ ਦਰਜ ਝੂਠਾ ਕੇਸ ਤੁਰੰਦ ਰੱਦ ਕੀਤਾ ਜਾਵੇ ਅਤੇ ਝੂਠੀ ਜਾਣਕਾਰੀ ਦੇਣ ਬਾਬਤ ਕਥਿਤ ਦੋਸ਼ੀਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਵਫ਼ਦ ਵਿੱਚ ਪਰਮਜੀਤ ਸਿੰਘ, ਜੀਐਸ ਜੌਹਰੀ, ਸੁਖਵਿੰਦਰ ਸਿੰਘ, ਬਿੰਨੀ, ਬਲਵਿੰਦਰ ਸਿੰਘ, ਗੱਲਰ ਚੌਹਾਨ, ਲਖਵਿੰਦਰ ਸਿੰਘ ਅਤੇ ਹਰਸ਼ਾ ਸਿੰਘ ਵੀ ਹਾਜ਼ਰ ਸਨ।