ਦੇਵਿੰਦਰ ਸਿੰਘ ਜੱਗੀ
ਪਾਇਲ, 18 ਅਗਸਤ
ਨੇੜਲੇ ਪਿੰਡ ਸਿਹੌੜਾ ਵਿੱਚ ਸ਼ਹੀਦਗੜ੍ਹ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਨਾਲ ਨਵੀਂ ਬਣੀ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਤੇ ‘ਆਪ’ ਆਗੂ ਅਮਰਜੀਤ ਸਿੰਘ ਵੱਲੋਂ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਕਾਰਨ ਜਿੱਥੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਮਦਰਦੀ ਜੁੜੀ ਹੈ, ਉੱਥੇ ਨਵੇਂ ਬਣੇ ਕਮੇਟੀ ਮੈਂਬਰ ਨੂੰ ਕਮੇਟੀ ਵਿੱਚੋਂ ਬਾਹਰ ਕੱਢਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਪਿੰਡ ਵਾਸੀਆਂ ਨੇ ਸਕੂਲ ਵਿੱਚ ਵੱਡਾ ਇਕੱਠ ਕਰ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇੱਕ ਸੀਨੀਅਰ ਸਿਟੀਜ਼ਨ ਅਤੇ ਸਿੱਖਿਆ ਵਿਭਾਗ ਵਿੱਚ ਲੰਮੀਆਂ ਸੇਵਾਵਾਂ ਨਿਭਾਉਣ ਵਾਲੇ ਵਿਅਕਤੀ ਦੀ ਦਸਤਾਰ ਲਾਹੁਣੀ ਤੇ ਕੇਸ ਪੁੱਟਣੇ ਨਿੰਦਣਯੋਗ ਘਟਨਾ ਹੈ, ਜਿਸਦੀ ਤੁਰੰਤ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਫਿਰ ਪਿੰਡ ਵਾਸੀਆਂ ਵਲੋਂ ਧਰਨਾ ਲਗਾ ਕੇ ਇਨਸਾਫ ਲਿਆ ਜਾਵੇਗਾ। ਪੀੜਤ ਅਜੀਤ ਸਿੰਘ ਨੇ ਦੱਸਿਆਂ ਕਿ ਉਹ 17 ਸਾਲ ਇਸ ਸੰਸਥਾ ਵਿੱਚ ਕੰਮ ਕਰਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਬੱਚਿਆਂ ਅਤੇ ਸਟਾਫ਼ ਨਾਲ ਨਿੱਜੀ ਪਿਆਰ ਹੈ। ਅੱਜ ਵੀ ਉਹ ਜਦੋਂ ਸਕੂਲ ’ਚ ਆ ਕੇ ਬੈਠੇ ਤਾਂ ਉਸੇ ਸਮੇਂ ਅਮਰਜੀਤ ਸਿੰਘ, ਨਗਿੰਦਰ ਸਿੰਘ ਤੇ ਬਲਜਿੰਦਰ ਸਿੰਘ ਅੰਦਰ ਆ ਗਏ ਤੇ ਅਮਰਜੀਤ ਸਿੰਘ ਨੇ ਉਨ੍ਹਾਂ ਨੂੰ ਕਿਹਾ ਤੂੰ ਇੱਥੇ ਕੀ ਲੈਣ ਆਇਆ ਹੈਂ? ਤੇ ਉਸਨੇ ਉਨ੍ਹਾਂ ਦੀ ਦਸਤਾਰ ਉਤਾਰ ਕੇ ਕੇਸ ਪੁੱਟੇ ਅਤੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਘਟਨਾ ਉਪਰੰਤ ਸਕੂਲ ਸਟਾਫ਼ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਡਾਕਟਰੀ ਸਹਾਇਤਾ ਤੋਂ ਬਾਅਦ ਪੁਲੀਸ ਥਾਣਾ ਮਲੌਦ ਵਿੱਚ ਘਟਨਾ ਸਬੰਧੀ ਸੂਚਨਾ ਦੇ ਦਿੱਤੀ।
ਸਾਬਕਾ ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੀ ਨਵੀਂ ਬਣੀ ਕਮੇਟੀ ਦੇ ਤਿੰਨ ਮੈਂਬਰਾਂ ਸਮੇਤ ਸਕੂਲ ਗਏ ਸਨ ਤਾਂ ਉਕਤ ਅਜੀਤ ਸਿੰਘ ਨੂੰ ਆਉਣ ਦਾ ਕਾਰਨ ਪੁੱਛਿਆ, ਜੋ ਅੱਗੋਂ ਗਲਤ ਲਹਿਜ਼ੇ ਵਿੱਚ ਬੋਲਿਆ ਤਾਂ ਉੱਥੇ ਤਕਰਾਰ ਪੈਦਾ ਹੋ ਗਿਆ, ਜਿਸ ਕਾਰਨ ਮਾਮਲਾ ਹੱਥੋਪਾਈ ’ਤੇ ਪਹੁੰਚ ਗਿਆ। ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਦੀਪ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਤਫਤੀਸ਼ ਕਰ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।