ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੁਲਾਈ
ਵਾਤਾਵਰਨ ਸੰਭਾਲ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਲੀ ਵੇਈਂ ਸਫ਼ਾਈ ਤੇ ਸੰਭਾਲ ਮੁਹਿੰਮ ਦੀ 22ਵੀਂ ਵਰ੍ਹੇਗੰਢ ਮੌਕੇ ਕਵੀ ਦਰਬਾਰ ਕਰਵਾਇਆ ਗਿਆ। ਉਪਰੰਤ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦਸਤਾਰ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸੰਤ ਸੀਚੇਵਾਲ ਨੇ ਲਿਖਾਰੀਆਂ, ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਮਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵਾਤਾਵਰਨ ਸੰਭਾਲ, ਸਮਾਜਿਕ ਤਾਣਾ ਬਾਣਾ ਸਹੀ ਰੱਖਣ ਤੇ ਲੋਕ ਹੱਕ ਚੇਤਨਾ ਲਈ ਸਮਰਪਿਤ ਲਿਖਤਾਂ ਲਿਖਣ। ਉਨ੍ਹਾਂ ਕਿਹਾ, ‘‘ਵਿਗਿਆਨ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਹੈ, ਉਸ ਨਾਲੋਂ ਕਿਤੇ ਵੱਧ ਖੋਹਿਆ ਹੈ। ਪੌਣ ਪਾਣੀ ਤੇ ਪਲੀਤ ਧਰਤੀ ਨੂੰ ਗੁਰੂ ਨਾਨਕ ਆਸ਼ੇ ਅਨੁਸਾਰ ਸਵੱਛ ਕਰਨ ਦੀ ਲੋੜ ਹੈ।’’ ਇਸ ਮੌਕੇ ਕਵੀ ਦਰਬਾਰ ਵਿੱਚ ਸ਼ਾਮਿਲ ਪੰਜਾਬੀ ਕਵੀਆਂ ਤੇ ਲਿਖਾਰੀਆਂ ਤ੍ਰੈਲੋਚਨ ਲੋਚੀ, ਮੁਖਤਾਰ ਸਿੰਘ ਚੰਦੀ, ਡਾ. ਆਸਾ ਸਿੰਘ ਘੁੰਮਣ, ਕਪੂਰਥਲਾ, ਡਾ. ਸਵਰਾਜ ਸਿੰਘ, ਮਨਜਿੰਦਰ ਧਨੋਆ ਬਲਬੀਰ ਸ਼ੇਰਪੁਰੀ, ਸੰਤ ਸੰਧੂ, ਡਾ. ਰਾਮ ਮੂਰਤੀ, ਬਹਾਦਰ ਸਿੰਘ ਸੰਧੂ, ਮੋਤਾ ਸਿੰਘ ਸਰਾਏ, ਕੁਲਵਿੰਦਰ ਸਿੰਘ ਸਰਾਏ, ਕਰਮਜੀਤ ਸਿੰਘ ਗਰੇਵਾਲ ਨੂੰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨਿਤ ਕੀਤਾ। ਇਸੇ ਦੌਰਾਨ ਬਾਬਾ ਗੁਰੂ ਨਾਨਕ ਦੇਵ ਦੀ ਕਾਲੀ ਵੇਈਂ ਕੰਢੇ ਸ਼ਬਦ-ਏ-ਨਾਦ ਜੱਥੇ ਵਿੱਚ ਸ਼ਾਮਲ ਰਬਾਬੀਆਂ ਭਾਈ ਰਣਜੋਧ ਸਿੰਘ, ਨਵਜੋਧ ਸਿੰਘ ਤੇ ਸਿਮਰਨਜੀਤ ਸਿੰਘ ਨੇ ਤੰਤੀ ਸਾਜ਼ਾਂ ਨਾਲ ਸ਼ਬਦ ਗਾਇਨ ਕਰਕੇ ਪੁਰਤਨ ਸਮੇਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦੇ ਬੱਚਿਆਂ ਨੇ ਰਸ-ਭਿੰਨਾ ਕੀਰਤਨ ਕੀਤਾ। ਇਸ ਮੌਕੇ ਭਾਈ ਪਰਮਜੀਤ ਸਿੰਘ ਦੀ ਅਗਵਾਈ ਵਾਲੇ ਇੰਟਰਨੈਸ਼ਨਲ ਮੀਰੀ-ਪੀਰੀ ਢਾਡੀ ਜੱਥੇ ਵੱਲੋਂ ਤਿਆਰ ਕੀਤੀ ਐਲਬਮ ‘ਗੁਰੂ ਮਨਾਓ ਗ੍ਰੰਥ’ ਦਾ ਪੋਸਟਰ ਜਾਰੀ ਕੀਤਾ ਗਿਆ। ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਲੇਖਕ ਕਰਮਜੀਤ ਸਿੰਘ ਗਰੇਵਾਲ ਦੇ ਗੀਤ ‘ਵਿਗਿਆਨ ਦਾ ਯੁੱਗ’ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ।