ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਸਤੰਬਰ
ਵਿਜੀਲੈਂਸ ਵਿਭਾਗ ਨੇ ਸਿੱਧਵਾਂ ਬੇਟ ਬਲਾਕ ਦੇ ਬੀਡੀਪੀਓ ਸਤਵਿੰਦਰ ਸਿੰਘ ਕੰਗ ਤੇ ਬਲਾਕ ਸਮਿਤੀ ਦੇ ਚੇਅਰਮੈਨ ਨੂੰ ਲਖਵਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ’ਤੇ 65 ਲੱਖ ਰੁਪਏ ਦੇ ਸਰਕਾਰੀ ਫੰਡਾਂ ਦੇ ਗ਼ਲਤ ਇਸਤੇਮਾਲ ਦੇ ਦੋਸ਼ ਹਨ। ਦੋਵਾਂ ਨੇ 26 ਪਿੰਡਾਂ ਵਿੱਚ ਲੱਗੀਆਂ ਸਟ੍ਰੀਟ ਲਾਈਟਾਂ ਦੇ ਮਾਮਲੇ ਵਿੱਚ ਘਪਲਾ ਕੀਤਾ ਹੈ।
ਵਿਜੀਲੈਂਸ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ 12 ਜੁਲਾਈ ਨੂੰ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ ਸੀ। ਇਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਬੀਡੀਪੀਓ ਸਤਵਿੰਦਰ ਸਿੰਘ ਨੇ ਪਿਛਲੇ ਸਾਲ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਦਾ ਗ਼ਲਤ ਇਸਤੇਮਾਲ ਕੀਤਾ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਬੀਡੀਪੀਓ ਨੇ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜਜ਼ ਦੇ ਮਾਲਕ ਗੌਰਵ ਸ਼ਰਮਾ ਜ਼ਰੀਏ ਇੱਕ ਸਟ੍ਰੀਟ ਲਾਈਟ 7288 ਰੁਪਏ ਦੀ ਖ਼ਰੀਦੀ ਸੀ, ਜਦੋਂਕਿ ਇਸ ਦਾ ਭਾਅ 3325 ਰੁਪਏ ਪਾਸ ਕੀਤਾ ਗਿਆ ਸੀ। ਇਨ੍ਹਾਂ ਨੇ 26 ਪਿੰਡਾਂ ਵਿੱਚ ਇਹ ਸਟ੍ਰੀਟ ਲਾਈਟਾਂ ਲਗਾਉਣੀਆਂ ਸਨ। ਇਸ ਤਹਿਤ 65 ਲੱਖ ਰੁਪਏ ਦਾ ਘਪਲਾ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਵਿਜੀਲੈਂਸ ਦੇ ਆਰਥਿਕ ਸ਼ਾਖਾ ਨੇ ਬੀਡੀਪੀਓ ਸਤਵਿੰਦਰ ਸਿੰਘ ਤੇ ਗੌਰਵ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਬਾਅਦ ਵਿੱਚ ਵਿਜੀਲੈਂਸ ਨੇ ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ। ਵਿਜੀਲੈਂਸ ਨੇ ਹੁਣ ਇਸ ਮਾਮਲੇ ਵਿੱਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਡੀਪੀਓ ਨੇ ਬਿਨਾਂ ਕੰਮ ਪੂਰਾ ਹੋਏ ਹੀ ਮੁਲਜ਼ਮ ਨੂੰ ਪੈਸੇ ਵੀ ਜਾਰੀ ਕਰ ਦਿੱਤੇ ਸਨ ਤੇ ਕੰਮ ਪੂਰਾ ਹੋਣ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਸੀ। ਦੋਵਾਂ ਨੂੰ ਬੁੱਧਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।