ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਮਈ
ਨਹਿਰੂ ਸਿਧਾਂਤ ਕੇਂਦਰ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਦੀ 58ਵੀਂ ਬਰਸੀ ਦੇ ਸਬੰਧ ਵਿੱਚ 27ਵਾਂ ਅੰਤਰ-ਸਕੂਲ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੀ ਓਵਰਆਲ ਟਰਾਫੀ ਫੋਕਲ ਪੁਆਇੰਟ ਦੇ ਬੀਸੀਐੱਮ ਸਕੂਲ ਨੇ ਜਿੱਤੀ। ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ 19 ਸਕੂਲਾਂ ਦੇ 37 ਵਿਦਿਆਰਥੀਆਂ ਨੇ ਹਿੱਸਾ ਲਿਆ। ਨਹਿਰੂ ਚੈਂਪੀਅਨਸ਼ਿਪ ਟਰਾਫੀ ਲਈ ਤਿੰਨ ਭਾਸ਼ਾਵਾਂ ਵਿੱਚ ਕਰਵਾਏ ਗਏ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਨਾ ਸਿਰਫ ਜੋਸ਼ੀਲੇ ਭਾਸ਼ਣ ਦਿੱਤੇ ਸਗੋਂ ਚੰਗੇ ਬੁਲਾਰਿਆਂ ਵਜੋਂ ਪਛਾਣ ਵੀ ਬਣਾਈ। ਇਨ੍ਹਾਂ ਬੁਲਾਰਿਆਂ ਨੇ ਭਖਦੇ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਅੰਗਰੇਜ਼ੀ ਵਿੱਚ ਹੋਏ ਮੁਕਾਬਲੇ ਵਿੱਚ ਬੀਸੀਐੱਮ ਆਰੀਆ ਮਾਡਲ ਸਕੂਲ ਸ਼ਾਸਤਰੀ ਨਗਰ ਦੇ ਵਿਦਿਆਰਥੀ ਮਾਨਵ ਮਹਾਜਨ ਨੇ ਪਹਿਲਾ, ਗਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਦੇ ਪੌਪੀ ਜੈਸੀ ਨੇ ਦੂਜਾ ਸਥਾਨ ਜਦਕਿ ਸੱਤਪਾਲ ਮਿੱਤਲ ਸਕੂਲ ਦੀ ਸ੍ਰਿਸ਼ਟੀ ਦੁੱਗਲ ਨੇ ਤੀਜਾ ਸਥਾਨ ਹਾਸਲ ਕੀਤਾ। ਹਿੰਦੀ ਭਾਸ਼ਾ ਵਿੱਚੋਂ ਡੀਏਵੀ ਸਕੂਲ ਦੀ ਤਨਵੀ, ਬੀਵੀਐੱਮ ਸਕੂਲ ਚੰਡੀਗੜ੍ਹ ਰੋਡ ਦਾ ਰੋਹਿਤ ਕਾਲੀਆ ਅਤੇ ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਸ਼੍ਰੇਆ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਵਿੱਚ ਭਾਸ਼ਣ ਦੇਣ ਦੇ ਮੁਕਾਬਲੇ ਵਿੱਚੋਂ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੀ ਰੌਣਕ ਪ੍ਰੀਤ ਕੌਰ ਨੇ ਪਹਿਲਾ, ਬੀਸੀਐੱਮ ਫੋਕਲ ਪੁਆਇੰਟ ਦੀ ਮਹਿਕ ਰਾਣਾ ਨੇ ਦੂਜਾ, ਜੀਜੀਐੱਨ ਸਕੂਲ ਰੋਜ਼ ਗਾਰਡਨ ਦੀ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਸੱਤਪਾਲ ਮਿੱਤਲ ਸਕੂਲ ਦੀ ਸਮਰੀਨ ਕੌਰ ਭੁੱਲਰ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ। ਇਸ ਮੁਕਾਬਲੇ ਦੀ ਓਵਰਆਲ ਟਰਾਫੀ ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਜਿੱਤੀ।