ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਅਪਰੈਲ
ਇਥੋਂ ਦੀ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਅਰੰਭ ਹੋ ਚੁੱਕੀ ਹੈ ਪਰ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ’ਚ ਬਦਲਾਅ ਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਾਰਨ ਆਨਲਾਈਨ ਐਂਟਰੀ ਦੇ ਚੱਕਰ ਵਿੱਚ ਆੜ੍ਹਤੀ ਤੇ ਕਿਸਾਨ ਬੁਰੀ ਤਰ੍ਹਾਂ ਫਸੇ ਦਿਖਾਈ ਦੇ ਰਹੇ ਹਨ। ਇਸ ਕਾਰਨ ਕਣਕ ਦੀ ਵਿਕਰੀ ਦੇ ਬਾਵਜੂਦ ਉਸ ਦੀ ਜਾਣਕਾਰੀ ਆਨਲਾਈਨ ਚੜ੍ਹਾਉਣ ਵਿੱਚ ਆ ਰਹੀ ਮੁਸ਼ਕਿਲ ਦੇ ਚੱਲਦੇ ਕਣਕ ਦੀ ਖ਼ਰੀਦ ਹੋਰ ਢਿੱਲੀ ਹੋਣ ਦੀ ਸ਼ੰਕਾ ਹੈ ਅਤੇ ਇਸ ਨਾਲ ਲਿਫ਼ਟਿੰਗ ਤੇ ਅਦਾਇਗੀ ਵਿੱਚ ਵੀ ਦੇਰੀ ਹੋ ਸਕਦੀ ਹੈ। ਇਸ ਮੌਕੇ ਪਿੰਡ ਹਰਬੰਸਪੁਰਾ ਦੇ ਕਿਸਾਨ ਸੁਖਬੀਰ ਸਿੰਘ ਸੰਧੂ ਤੇ ਇਕੋਲਾਹੀ ਦੇ ਕੁਲਦੀਪ ਸਿੰਘ ਨਾਗਰਾ ਨੇ ਕਿਹਾ ਕਿ ਸਰਕਾਰ ਨੇ ਨਵਾਂ ਸਿਸਟਮ ਬਣਾ ਦਿੱਤਾ ਹੈ ਪਰ ਸਿਖਲਾਈ ਤੇ ਜਾਣਕਾਰੀ ਸਮੇਂ ਸਿਰ ਨਾ ਦੇਣ ਕਾਰਨ ਕਾਫ਼ੀ ਰੁਕਾਵਟਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਹੈ ਕਿ ਜੇਕਰ ਆਨਲਾਈਨ ਐਂਟਰੀ ਠੀਕ ਨਾ ਹੋਈ ਤਾਂ ਪੇਮੈਂਟ ਜਾਂ ਤਾਂ ਦੇਰੀ ਨਾਲ ਆਵੇਗੀ ਜਾਂ ਫ਼ਿਰ ਕਿਸੇ ਹੋਰ ਖਾਤੇ ਵਿੱਚ ਜਾਣ ਦਾ ਖ਼ਤਰਾ ਵੀ ਹੈ। ਮੰਡੀ ਖੰਨਾ ਤੇ ਸਹਾਇਕ ਮੰਡੀਆਂ ਰੌਣੀ, ਈਸੜੂ, ਦਹੇੜੂ ਤੇ ਰਾਏਪੁਰ ’ਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਹੁਣ ਤੱਕ ਇਕ ਵੀ ਬੋਰੀ ਦੀ ਲਿਫ਼ਟਿੰਗ ਨਹੀਂ ਹੋਈ, ਜਿਸ ਨਾਲ ਫ਼ਸਲ ਦੀ ਆਮਦ ਤੇਜ਼ ਹੋਣ ’ਤੇ ਮੰਡੀਆਂ ਵਿੱਚ ਜਗ੍ਹਾ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਖੰਨਾ ਮੰਡੀ ’ਚ ਕੱਲ੍ਹ ਸ਼ਾਮ ਤੱਕ 6.55.350 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ ਅਜੇ ਤੱਕ ਐੱਫ.ਸੀ.ਆਈ ਵੱਲੋਂ ਕੋਈ ਖ਼ਰੀਦ ਨਹੀਂ ਹੋਈ ਜਦੋਂ ਕਿ ਮਾਰਕਫ਼ੈੱਡ ਵੱਲੋਂ 1.26.470 ਕੁਇੰਟਲ, ਪਨਸਪ ਵੱਲੋਂ 77970 ਕੁਇੰਟਲ ਅਤੇ ਪਨਗ੍ਰੇਨ ਵੱਲੋਂ 140330 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪ੍ਰਾਈਵੇਟ ਅਦਾਰਿਆਂ ਵੱਲੋਂ ਵੀ ਕੋਈ ਖ਼ਰੀਦ ਨਹੀਂ ਕੀਤੀ ਗਈ।
ਲੁਧਿਆਣਾ ਦੀਆਂ ਮੰਡੀਆਂ ’ਚ 85 ਫੀਸਦੀ ਕਣਕ ਦੀ ਖ਼ਰੀਦ ਹੋਈ: ਡੀ.ਸੀ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਦੱਸਿਆ ਕਿ ਲੁਧਿਆਣਾ ਵਿੱਚ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਜਾਰੀ ਹੈ ਜਿਸਦੇ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ ਅਨਾਜ ਮੰਡੀਆਂ ਵਿੱਚੋਂ 85 ਫੀਸਦੀ ਕਣਕ ਦੀ ਖ਼ਰੀਦੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ 14 ਅਪਰੈਲ ਤੱਕ ਚੱਲ ਰਹੇ ਹਾੜ੍ਹੀ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 63757 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਅਤੇ ਜਿਸ ਵਿੱਚੋਂ 53956 ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕਣਕ ਦੀ ਕੁੱਝ ਮਾਤਰਾ ਵਿੱਚ ਨਿਰਧਾਰਤ ਸੀਮਾ ਤੋਂ ਜ਼ਿਆਦਾ ਨਮੀ ਪਾਈ ਗਈ, ਜੋਕਿ ਦਾਣੇ ਸਹੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਹੀ ਖਰੀਦ ਕੀਤੀ ਜਾਵੇਗੀ।