ਚਰਨਜੀਤ ਸਿੰਘ ਢਿੱਲੋਂ
ਜਗਰਾਉਂ,15 ਦਸੰਬਰ
ਕੋਵਿਡ-19 ਦੇ ਕਹਿਰ ਦਾ ਸ਼ਿਕਾਰ ਹੋਈ ਸਮਾਜਿਕ ਵਿਵਸਥਾ ’ਚ ਨਿੱਜੀ ਸਕੂਲਾਂ ਨਾਲ ਲੱਖਾਂ ਰੁਪਏ ਖਰਚ ਕੇ ਐਗਰੀਮੈਂਟ ’ਤੇ ਬੱਚਿਆਂ ਨੂੰ ਸਕੂਲ ਲੈ ਜਾਣ ਵਾਲੀਆਂ ਵੈਨਾਂ ਚਲਾਉਣ ਵਾਲੇ ਮੌਜੂਦਾ ਸਮੇਂ ’ਚ ਭਾਰੀ ਮੁਸ਼ਕਲ ’ਚ ਹਨ। ਵੈਨਾਂ ਚਲਾਉਣ ਵਾਲੇ ਸੁਰਜੀਤ ਸਿੰਘ, ਦਰਸ਼ਨ ਸਿੰਘ, ਵਿੱਕੀ, ਸ਼ਿੰਦਰ ਸਿੰਘ, ਸੇਵਕ ਸਿੰਘ, ਕਮਲਜੀਤ ਸਿੰਘ ਆਦਿ ਨੇ ਆਪਣਾ ਦੁੱਖ ਦੱਸਦੇ ਹੋਏ ਸਰਕਾਰ ਤੋਂ ਵਿਸ਼ੇਸ਼ ਸਹਾਇਤਾ ਦੀ ਮੰਗ ਕੀਤੀ ਹੈ। ਪੀੜਤ ਵਿਅਕਤੀਆਂ ਨੇ ਦੱਸਿਆ ਕਿ ਉਹ ਨਿੱਜੀ ਸਕੂਲਾਂ ਨਾਲ ਐਗਰੀਮੈਂਟ ਕਰ ਕੇ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਸਹੂਲਤਾਂ ਨਾਲ ਲੈਸ ਵੈਨਾਂ ਪਾ ਕੇ ਕੁਝ ਆਪਣੇ ਕੋਲੋਂ ਅਤੇ ਬਾਕੀ ਦਾ ਬੈਂਕਾਂ ਤੋਂ ਲੋਨ ਕਰਵਾ ਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਤਰਾਸਦੀ ਇਹ ਹੈ ਕਿ ਕਰੋਨਾ ਮਹਾਮਾਰੀ ਫੈਲਣ ਨਾਲ ਸਕੂਲ-ਕਾਲਜ ਬੰਦ ਹੋ ਗਏ। ਬੱਚੇ ਸਕੂਲਾਂ ’ਚ ਨਾ ਜਾਣ ਕਾਰਨ ਉਨ੍ਹਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਸਕੂਲਾਂ ਨੇ ਤਾਂ ਆਨਲਾਈਨ ਕਲਾਸਾਂ ਲਾ ਕੇ ਫੀਸਾਂ ਲੈ ਲਈਆਂ ਪਰ ਸਾਨੂੰ ਬਹੁਗਿਣਤੀ ਬੱਚਿਆਂ ਦੇ ਮਾਪਿਆਂ ਨੇ ਫਰਵਰੀ/ਮਾਰਚ ਦੀ ਫੀਸ ਵੀ ਨਹੀਂ ਦਿੱਤੀ। ਇਸ ਅਤਿ ਮਾੜੇ ਦੌਰ ’ਚ ਨਾ ਤਾਂ ਸਰਕਾਰ ਨੇ ਸਾਡੀ ਸਾਰ ਲਈ ਅਤੇ ਨਾ ਹੀ ਸਕੂਲਾਂ ਨੇ। ਕਰਫਿਊ ਦੇ ਦਿਨਾਂ ਦੌਰਾਨ ਜਿਨ੍ਹਾਂ ਬੈਕਾਂ ਤੋਂ ਲੋਨ ਹੋਇਆ ਸੀ ਉਨ੍ਹਾਂ ਨੇ ਵੀ ਸਾਨੂੰ ਨਹੀਂ ਪੁੱਛਿਆ। ਹੁਣ ਜਦੋਂ ਕਰਫਿਊ ਖਤਮ ਹੋ ਗਿਆ ਤਾਂ ਬੈਂਕਾਂ ਵਾਲਿਆਂ ਨੇ ਉਨ੍ਹਾਂ ’ਤੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਡਰੇ ਅਤੇ ਸਹਿਮੇ ਹੋਏ ਕਈ ਵੈਨ ਚਾਲਕਾਂ ਦਾ ਨਿੱਜੀ ਬੈਂਕਾਂ ਨੇ ਵੱਡੀਆਂ ਵਿਆਜ਼ ਦਰਾਂ ’ਤੇ ਦੁਬਾਰਾ ਲੋਨ ਕਰ ਦਿੱਤਾ। ਬੈਕਾਂ ਨੇ ਬੜੀ ਹੀ ਚਲਾਕੀ ਨਾਲ ਉਪਭੋਗਤਾ ਦਾ ਲੋਨ ਕਰਕੇ ਆਰਬੀਆਈ ਵੱਲੋਂ ਦਿੱਤੀਆਂ ਛੋਟਾਂ ਵੀ ਉਗਰਾਹ ਲਈਆਂ ਅਤੇ ਨਵਾਂ ਲੋਨ ਕਰ ਕੇ ਮੁੜ ਤੋਂ ਫਾਈਲ ਚਾਰਜ ਵਸੂਲ ਕੇ ਪਹਿਲਾਂ ਹੀ ਦੋ ਵਕਤ ਦੀ ਰੋਟੀ ਤੋਂ ਮੁਥਾਜ਼ ਇਸ ਵਰਗ ਨੂੰ ਹੋਰ ਰਗੜਾ ਚਾੜ ਦਿੱਤਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਲੋਟੂ ਬੈਕਾਂ ਤੋਂ ਸਾਨੂੰ ਬਚਾਇਆ ਜਾਵੇ ਅਤੇ ਬਿਨਾਂ ਵਿਆਜ਼ ਤੋਂ ਸਕੂਲ਼ ਖੁੱਲ੍ਹਣ ਤੱਕ ਸਾਨੂੰ ਕਿਸ਼ਤਾਂ ਨਾ ਦੇਣ ਦੀ ਸਹੂਲਤ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਉਹ ਪਰਿਵਾਰ ਸਮੇਤ ਧਰਨੇ ਮੁਜ਼ਾਹਰਿਆਂ ਲਈ ਮਜਬੂਰ ਹੋਵਾਂਗੇ।