ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 16 ਦਸੰਬਰ
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਲੁਧਿਆਣਾ ਜ਼ਿਲ੍ਹੇ ਦੇ ਬੈਂਕਾਂ ਦੇ ਮੁਲਾਜ਼ਮਾਂ ਨੇ ਅੱਜ ਹੜਤਾਲ ਕੀਤੀ। ਯੂਐੱਫ਼ਬੀਯੂ ਦੇ ਕਾਮਰੇਡ ਨਰੇਸ਼ ਗੌਰ ਨੇ ਕਿਹਾ ਕਿ ਯੂਐੱਫ਼ਬੀਏ ਦੇ ਵੱਲੋਂ ਸੰਸਦ ਦੇ ਇਸ ਸੈਸ਼ਨ ਵਿੱਚ ਬੈਂਕਿੰਗ ਕਾਨੂੰਨ ਬਿੱਲ 2021 ਲੈ ਕੇ ਆਇਆ ਜਾਣਾ ਹੈ, ਜਿਸਦੇ ਵਿਰੋਧ ’ਚ 16 ਅਤੇ 17 ਦਸੰਬਰ ਨੂੰ ਸਾਰੇ ਬੈਂਕਾਂ ’ਚ ਅੰਦੋਲਨ ਤੇ 2 ਦਿਨਾਂ ਦੀ ਲਗਾਤਾਰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ 2 ਪਬਲਿਕ ਖੇਤਰ ਦੇ ਬੈਂਕਾਂ ਦਾ ਨਿੱਜੀਕਰਨ ਕਰਨ ਦੀ ਯੋਜਨਾ ਉਲੀਕ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰਪੋਰੇਟ ਡਿਫ਼ਾਲਟਰਾਂ ਦੇ ਕਾਰਨ ਬੈਂਕਾਂ ’ਚ ਬੈਡ ਲੋਨ ਤੇ ਐੱਨਪੀਏ ਸਾਲ ਦਰ ਸਾਲ ਵੱਧਦੇ ਜਾ ਰਹੇ ਹਨ। ਉਨ੍ਹਾਂ ’ਤੇ ਸਖਤ ਕਾਰਵਾਈ ਕਰਨ ਦੀ ਬਜਾਏ ਸਰਕਾਰ ਇਨ੍ਹਾਂ ’ਤੇ ਢਿੱਲ ਵਰਤ ਰਹੇ ਹੈ, ਜੋਕਿ ਬੈਂਕਾਂ ਲਈ ਖ਼ਤਰਨਾਕ ਹੈ।ਲੁਧਿਆਣਾ ਜ਼ਿਲ੍ਹੇ ਦੇ 480 ਬਰਾਂਚਾਂ ’ਚ ਕੰਮ ਪੂਰੀ ਤਰ੍ਹਾਂ ਬੰਦ ਰਿਹਾ। ਬੈਂਕ ਮੁਲਾਜ਼ਮਾਂ ਮੁਤਾਬਕ ਰੋਜ਼ਾਨਾ ਜ਼ਿਲ੍ਹੇ ਵਿੱਚ 50 ਹਜ਼ਾਰ ਤੋਂ ਵੱਧ ਚੈੱਕ ਆਉਂਦੇ ਹਨ, ਇਸਦੇ ਨਾਲ ਇੱਕ ਹਜ਼ਾਰ ਕਰੋੜ ਦੀ ਬੈਂਕ ਦੀ ਟਰਾਂਸਜੈਂਕਸ਼ਨ ਹੁੰਦੀ ਹੈ, ਇਸ ਹੜਤਾਲ ਕਾਰਨ ਉਸਦਾ ਨੁਕਸਾਨ ਹੋਇਆ ਹੈ। ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਹੜਤਾਲ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗੀ। ਇਸ ਹੜਤਾਲ ’ਚ ਲੁਧਿਆਣਾ ਦੇ ਤਿੰਨ ਹਜ਼ਾਰ ਬੈਂਕ ਮੁਲਾਜ਼ਮ ਹਿੱਸਾ ਲੈ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੀਆਂ 480 ਬਰਾਂਚਾਂ ’ਚ ਕੰਮ ਬੰਦ ਰੱਖਿਆ ਗਿਆ ਹੈ। ਲੁਧਿਆਣਾ ’ਚ ਰੋਜ਼ਾਨਾ ਇੱਕ ਹਜ਼ਾਰ ਕਰੋੜ ਰੁਪਏ ਦੀ ਬੈਕਿੰਗ ਟਰਾਂਸਜੈਕਸ਼ਨ ਹੈ, ਇਸ ਦੇ ਨਾਲ ਹੀ 50 ਹਜ਼ਾਰ ਦੇ ਕਰੀਬ ਚੈੱਕ ਕਲੀਅਰੈਂਸ ਦੇ ਲਈ ਆਉਂਦੇ ਹਨ। ਉਥੇ ਹੀ ਇੱਕ ਲੱਖ ਚੈੱਕਾਂ ਦੀ ਕਲੀਅਰੈਂਸ 4 ਦਿਨ ਤੱਕ ਪ੍ਰਭਾਵਿਤ ਹੋਵੇਗੀ ਕਿਉਂਕਿ 2 ਦਿਨ ਦੀ ਹੜਤਾਲ ਤੋਂ ਬਾਅਦ ਸ਼ਨਿੱਚਰਵਾਰ ਤੇ ਐਤਵਾਰ ਹੈ। ਅਜਿਹੇ ’ਚ ਚੈੱਕਾਂ ਦੀ ਕਲੀਅਰੈਂਸ ਸੋਮਵਾਰ ਨੂੰ ਹੀ ਹੋ ਸਕੇਗੀ। ਇਸ ਨਾਲ ਸਨਅਤੀ ਸ਼ਹਿਰ ਦੇ ਸਨਅਤਕਾਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਵੀਰਵਾਰ ਨੂੰ ਕੈਨਰਾ ਬੈਂਕ ਭਾਰਤ ਨਗਰ ਚੌਕ ਦੇ ਬਾਹਰ ਸਵੇਰੇ ਸਾਢੇ 9 ਵਜੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਸਟੇਟ ਬੈਂਕ ਇੰਡੀਆ ਫੁਆਰਾ ਚੌਕ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ।