ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਪੁਲੀਸ ਨੇ ਇਕ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵੱਲੋਂ ਗੁਰਦੁਆਰਾ ਜੱਸੀਆਂ ਰੋਡ ਹੈਬੋਵਾਲ ਵਾਸੀ ਵਰਿੰਦਰ ਸੂਦ ਦਾ ਬੈਂਕ ਖਾਤਾ ਹੈਕ ਕਰ ਕੇ 15 ਲੱਖ ਰੁਪਏ ਦੀ ਰਕਮ ਆਪਣੇ ਖਾਤਿਆਂ ਵਿੱਚ ਤਬਦੀਲ ਕਰ ਲਈ ਗਈ ਹੈ। ਇਸ ਸਬੰਧੀ ਵਰਿੰਦਰ ਸੂਦ ਨੇ ਦੱਸਿਆ ਕਿ ਉਸ ਦਾ ਪੰਜਾਬ ਨੈਸ਼ਨਲ ਬੈਂਕ ਹੈਬੋਵਾਲ ਵਿੱਚ ਬੈਂਕ ਖਾਤਾ ਹੈ, ਜਿਸ ’ਤੇ ਨੈੱਟ ਬੈਂਕਿੰਗ ਦੀ ਸਹੂਲਤ ਹੈ। ਕੁਝ ਲੋਕਾਂ ਨੇ ਉਸ ਦਾ ਬੈਂਕ ਖਾਤਾ ਹੈਕ ਕਰਕੇ ਉਸ ਵਿਚੋਂ 15 ਲੱਖ ਰੁਪਏ ਵੱਖ ਵੱਖ ਲੈਣ ਦੇਣ ਕਰ ਕੇ ਆਪਣੇ ਖਾਤਿਆਂ ਵਿੱਚ ਤਬਦੀਲ ਕਰ ਲਏ ਹਨ। ਜਾਂਚ ਅਧਿਕਾਰੀ ਏਸੀਪੀ ਪੱਛਮੀ ਨੇ ਦੱਸਿਆ ਕਿ ਪੁਲੀਸ ਨੇ ਤਫ਼ਤੀਸ਼ ਉਪਰੰਤ ਰਾਜੀਵ ਕੁਮਾਰ, ਚੰਦਰ ਕੁਮਾਰ ਅਤੇ ਨੀਲ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।